
ਐੱਨ. ਡੀ. ਆਰ. ਐੱਫ. ਦੀ ਟੀਮ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਦਿੱਤੀ ਗਈ ਆਫ਼ਤ ਪ੍ਰਬੰਧਨ ਬਾਰੇ ਸਿਖਲਾਈ
- by Jasbeer Singh
- October 9, 2024

ਐੱਨ. ਡੀ. ਆਰ. ਐੱਫ. ਦੀ ਟੀਮ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਦਿੱਤੀ ਗਈ ਆਫ਼ਤ ਪ੍ਰਬੰਧਨ ਬਾਰੇ ਸਿਖਲਾਈ -ਗੁਰੂ ਤੇਗ ਬਹਾਦਰ ਹਾਲ ਦੇ ਬਾਹਰ ਲਗਾਈ ਵਿਸ਼ੇਸ਼ ਉਪਕਰਣਾਂ ਦੀ ਪ੍ਰਦਰਸ਼ਨੀ ਪਟਿਆਲਾ, 9 ਅਕਤੂਬਰ : ਬਠਿੰਡਾ ਤੋਂ ਪੁੱਜੀ ਐੱਨ. ਡੀ. ਆਰ. ਐੱਫ. ਦੀ ਟੀਮ ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਆਫ਼ਤ ਪ੍ਰਬੰਧਨ ਸੰਬੰਧੀ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਵੱਖ-ਵੱਖ ਆਫ਼ਤਾਂ ਸਮੇਂ ਕਰਨ ਦੀਆਂ ਵਿਧੀਆਂ ਬਾਰੇ ਸਿਖਲਾਈ ਦਿੱਤੀ ਗਈ। ਆਫ਼ਤ ਪ੍ਰਬੰਧਨ ਸੰਬੰਧੀ ਭਾਰਤ ਸਰਕਾਰ ਦੇ ਕੌਮੀ ਅਦਾਰੇ 'ਨੈਸ਼ਨਲ ਇੰਸਚੀਚੂਟ ਆਫ਼ ਡਿਜ਼ਾਸਟਰ ਮੈਨੇਜਮੈਂਟ' ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਪੰਜ ਦਿਨਾ 'ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ' ਦੇ ਪ੍ਰੋਗਰਾਮ ਡਾਇਰੈਕਟਰ ਡਾ. ਨਿੰਮੀ ਨੇ ਦੱਸਿਆ ਕਿ ਪ੍ਰੋਗਰਾਮ ਦੇ ਤੀਜੇ ਦਿਨ ਐੱਨ. ਡੀ. ਆਰ. ਐੱਫ ਦੀ ਬਠਿੰਡਾ ਸ਼ਾਖਾ ਤੋਂ ਪੁੱਜੀ ਟੀਮ ਨੇ ਆਫ਼ਤ ਪ੍ਰਬੰਧਨ ਸੰਬੰਧੀ ਵੱਖ-ਵੱਖ ਨੁਕਤੇ ਸਾਂਝੇ ਕੀਤੇ। ਡਿਊਟੀ ਕਮਾਂਡੈਂਟ ਸ੍ਰੀ ਰਿਸ਼ੀ ਮਹਾਜਨ ਦੀ ਅਗਵਾਈ ਵਿੱਚ ਪੁੱਜੀ ਇਸ ਟੀਮ ਵੱਲੋਂ ਦੇਸ ਦੇ ਵੱਖ-ਵੱਖ ਕੋਨਿਆਂ ਵਿੱਚ ਵੱਖ-ਵੱਖ ਸਮੇਂ ਆਈਆਂ ਹੜ੍ਹ ਜਿਹੀਆਂ ਆਫ਼ਤਾਂ ਨਾਲ਼ ਨਜਿੱਠਣ ਦੇ ਆਪਣੇ ਅਨੁਭਵਾਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪਟਿਆਲਾ ਵਿੱਚ ਆਏ ਹੜ੍ਹਾਂ ਦੌਰਾਨ ਜ਼ਿਲ੍ਹਾ ਪ੍ਰਬੰਧਨ ਦੇ ਸੱਦੇ ਉੱਤੇ ਪੁੱਜੀ ਟੀਮ ਵਿੱਚ ਐੱਨ. ਡੀ. ਆਰ. ਐੱਫ ਦੀ ਇਸ ਟੀਮ ਦੇ ਮੈਂਬਰ ਵੀ ਸ਼ਾਮਿਲ ਸਨ। ਉਨ੍ਹਾਂ ਵੱਲੋਂ ਵੱਖ-ਵੱੱਖ ਤਕਨੀਕਾਂ, ਵਿਧੀਆਂ ਅਤੇ ਢੰਗ ਤਰੀਕਿਆਂ ਬਾਰੇ ਦਸਦਿਆਂ ਟੀਮ ਕੋਲ਼ ਉਪਲਬਧ ਵਿਸ਼ੇਸ਼ ਸਾਧਨਾਂ ਅਤੇ ਉਪਕਰਣਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇੰਸਪੈਕਟਰ ਸੰਦੀਪ ਕੁਮਾਰ ਅਤੇ ਇੰਸਪੈਕਟਰ ਸੰਦੀਪ ਆਰੀਆ ਵੱਲੋਂ ਆਫ਼ਤ ਸਮੇਂ ਪੈਦਾ ਹੁੰਦੀਆਂ ਤਣਾਅ ਵਾਲ਼ੀਆਂ ਸਥਿਤੀਆਂ ਨੂੰ ਸਹਿਜ ਢੰਗ ਨਾਲ਼ ਨਜਿੱਠਣ ਬਾਰੇ ਵਿਸ਼ੇਸ਼ ਨੁਕਤੇ ਸਾਂਝੇ ਕੀਤੇ ਗਏ। ਟੀਮ ਵੱਲੋਂ ਕੁੱਝ ਸਥਿਤੀਆਂ ਨਾਲ਼ ਨਜਿੱਠਣ ਸੰਬੰਧੀ ਡੈਮੋ ਵੀ ਵਿਖਾਏ ਗਏ। ਐੱਨ. ਡੀ. ਆਰ. ਐੱਫ. ਵੱਲੋਂ ਗੁਰੂ ਤੇਗ ਬਹਾਦਰ ਹਾਲ ਦੇ ਬਾਹਰ ਇੱਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਆਫ਼ਤ ਵਾਲ਼ੀਆਂ ਸਥਿਤੀਆਂ ਨਾਲ਼ ਨਜਿੱਠਣ ਲਈ ਵਰਤੇ ਜਾਂਦੇ ਵਿਸ਼ੇਸ਼ ਉਪਕਰਣ ਅਤੇ ਸਾਧਨ ਸ਼ਾਮਿਲ ਸਨ। ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਵੀ ਇਸ ਸਿਖਲਾਈ ਦਾ ਹਿੱਸਾ ਬਣੇ।