July 6, 2024 01:53:02
post

Jasbeer Singh

(Chief Editor)

Patiala News

ਪ੍ਰ੍ਦੂਸ਼ਣ ਕੰਟਰੋਲ ਬੋਰਡ ਵੱਲੋਂ ਨਗਰ ਕੌਂਸਲ ਨਾਭਾ ਦੀ ਖਿਚਾਈ

post-img

ਸ਼ਹਿਰ ਦੇ ਕੂੜਾ ਡੰਪ ਵਿੱਚ 2 ਮਹੀਨੇ ਤੋਂ ਲੱਗੀ ਅੱਗ ਨਾ ਬੁਝਾਉਣ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਗਰ ਕੌਂਸਲ ਖ਼ਿਲਾਫ਼ ਸਖ਼ਤ ਕਰਵਾਈ ਕਰਦਿਆਂ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਇਸ ਤੋਂ ਇਲਾਵਾ ਐੱਨਜੀਟੀ ਦੇ ਸਾਰੇ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ’ਤੇ ਨਾਭਾ ਨਗਰ ਕੌਂਸਲ ਖ਼ਿਲਾਫ਼ ਕੇਸ ਬੋਰਡ ਦੇ ਚੇਅਰਮੈਨ ਕੋਲ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਾਭਾ ਨਗਰ ਕੌਂਸਲ ਨੂੰ ਐੱਨਜੀਟੀ ਦੇ ਨਿਰਦੇਸ਼ ਭੇਜ ਦੇ ਹੋਏ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਸੀ ਪਰ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਬੋਰਡ ਵੱਲੋਂ ਹੁਣ ਨਗਰ ਕੌਂਸਲ ਨੂੰ 25000 ਦਾ ਜੁਰਮਾਨਾ ਲਗਾਇਆ ਗਿਆ ਹੈ। ਪਟਿਆਲਾ ਦੇ ਏਡੀਸੀ ਨਵਰੀਤ ਕੌਰ ਸੇਖੋਂ ਨੇ ਕੂੜੇ ਦੇ ਢੇਰ ਕੋਲ ਅਚਨਚੇਤ ਪਹੁੰਚ ਕੇ ਨਗਰ ਕੌਂਸਲ ਦੇ ਅਫਸਰਾਂ ਅਤੇ ਫਾਇਰ ਅਫਸਰ ਨੂੰ ਮੌਕੇ ’ਤੇ ਬੁਲਾਇਆ। ਏਡੀਸੀ ਪਟਿਆਲਾ ਨੇ ਦੱਸਿਆ ਕਿ ਨਾਭਾ ਨਗਰ ਕੌਂਸਲ ਨੂੰ ਪ੍ਰਦੂਸ਼ਣ ਬੋਰਡ ਵੱਲੋਂ 25 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਅੱਗ ਨੂੰ ਬੁਝਾਉਣ ਲਈ ਸਖਤ ਨਿਰਦੇਸ਼ ਦੇਣ ਦੇ ਨਾਲ ਨਾਲ ਹੁਣ ਇੱਕ ਫਾਇਰ ਬ੍ਰਿਗੇਡ ਨੂੰ ਹਰ ਵਕਤ ਡੰਪ ਕੋਲ ਤਾਇਨਾਤ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੂੜੇ ਦੇ ਢੇਰ ਤੋਂ ਮੀਥੇਨ ਆਦਿ ਜ਼ਹਿਰੀਲੀ ਤੇ ਜਲਨਸ਼ੀਲ ਗੈਸ ਨਿਕਲਣ ਦੀ ਸੰਭਾਵਨਾ ਹੈ ਜਿਸ ਕਾਰਨ ਇਹ ਅੱਗ ਲੱਗੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਰੋਹਿਤ ਸਿੰਗਲਾ ਨੇ ਦੱਸਿਆ ਕਿ ਕੂੜਾ ਪ੍ਰਬੰਧਨ ਤੇ ਇਸ ਨੂੰ ਅੱਗ ਤੋਂ ਬਚਾਉਣ ਸਬੰਧੀ ਐਨਜੀਟੀ ਦੇ ਸਾਰੇ ਨਿਰਦੇਸ਼ਾਂ ਨੂੰ ਨਾਭਾ ਨਗਰ ਕੌਂਸਲ ਵੱਲੋਂ ਅਣਗੌਲਿਆ ਕੀਤਾ ਗਿਆ ਹੈ ਜਿਸ ਕਾਰਨ ਉਨ੍ਹਾਂ ਖਿਲਾਫ ਚੇਅਰਮੈਨ ਅੱਗੇ ਕੇਸ ਵੀ ਲਗਾਇਆ ਗਿਆ ਹੈ। ਡੰਪ ਦੇ ਨਜ਼ਦੀਕੀ ਸ਼ਹਿਰਵਾਸੀਆਂ ਨੇ ਦੱਸਿਆ ਕਿ ਰਾਤ ਨੂੰ ਇਹ ਧੂੰਆਂ ਹੋਰ ਵੀ ਵਧ ਜਾਂਦਾ ਹੈ ਤੇ ਬੱਚਿਆਂ ਨੂੰ ਸਾਹ ਲੈਣ ’ਚ ਦਿੱਕਤ ਮਹਿਸੂਸ ਹੁੰਦੀ ਹੈ। ਉਨ੍ਹਾਂ ਕਈ ਵਾਰੀ ਨਾਭਾ ਐੱਸਡੀਐੱਮ ਨੂੰ ਇਸ ਬਾਬਤ ਸ਼ਿਕਾਇਤ ਕੀਤੀ ਹੈ ਪਰ ਕੋਈ ਰਾਹਤ ਨਹੀਂ ਮਿਲੀ।

Related Post