
ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਸੀ.ਸੀ ਕੈਡਿਟਾਂ ਨੇ ਪਟਿਆਲਾ ਸ਼ਹਿਰ ਦੇ ਘੱਟ ਰੌਸ਼ਨੀ ਵਾਲੇ ਸਥਾਨਾਂ ਤੇ ਸੁਰੱਖਿਆ ਲਾਈਟਾਂ
- by Jasbeer Singh
- June 3, 2025

ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਸੀ.ਸੀ ਕੈਡਿਟਾਂ ਨੇ ਪਟਿਆਲਾ ਸ਼ਹਿਰ ਦੇ ਘੱਟ ਰੌਸ਼ਨੀ ਵਾਲੇ ਸਥਾਨਾਂ ਤੇ ਸੁਰੱਖਿਆ ਲਾਈਟਾਂ ਲਗਾਈਆਂ ਪਟਿਆਲਾ: 3 ਜੂਨ, 2025 : ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਸੀ.ਸੀ ਕੈਡਿਟਾਂ ਨੇ ਪਟਿਆਲਾ ਸ਼ਹਿਰ ਦੇ ਵਿੱਚ ਘੱਟ ਰੌਸ਼ਨੀ ਵਾਲੇ ਸਥਾਨਾਂ ਤੇ ਹੋਣ ਵਾਲੇ ਟ੍ਰੈਫਿਕ ਹਾਦਸਿਆਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਸੜਕ ਸੁਰੱਖਿਆ ਮੁਹਿੰਮ ਦਾ ਆਯੋਜਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਦੀ ਅਗਵਾਈ ਹੇਠ ਆਰੰਭੀ ਇਸ ਪਹਿਲ ਦਾ ਉਦੇਸ਼ ਪਟਿਆਲਾ ਸ਼ਹਿਰ ਦੇ ਹਨੇਰੇ ਖੇਤਰਾਂ ਦੇ ਆਲੇ ਦੁਆਲੇ ਖੰਭਿਆਂ, ਡਿਵਾਈਡਰਾਂ ਅਤੇ ਪੈਦਲ ਚੱਲਣ ਵਾਲੇ ਕਰਾਸਿੰਗਾਂ 'ਤੇ ਰਿਫਲੈਕਟਿਵ ਟੇਪ' ਲਗਾ ਕੇ ਬਿਹਤਰ ਬਣਾਉਣਾ ਅਤੇ ਹਾਦਸਿਆਂ ਨੂੰ ਘਟਾਉਣਾ ਸੀ। ਇਹ ਮੁਹਿੰਮ ਕਾਲਜ ਦੇ ਐਨ.ਸੀ.ਸੀ ਵਿੰਗਾਂ ਦੁਆਰਾ 5 ਪੀਬੀ ਬੀ.ਐਨ ਐਨ.ਸੀ.ਸੀ, 10 ਪੀਬੀ ਬੀ.ਐਨ ਐਨ.ਸੀ.ਸੀ ਅਤੇ 3 ਏਅਰ ਐਸ.ਕਿੳ.ੂਐਨ ਦੇ ਸਹਿਯੋਗ ਨਾਲ ਚਲਾਈ ਗਈ। ਇਹ ਸੜਕ ਸੁਰੱਖਿਆ ਮੁਹਿੰਮ ਇੱਕ ਵੱਡੀ ਸਫਲਤਾ ਸੀ, ਜਿਸ ਵਿੱਚ ਕੈਡਿਟਾਂ ਵੱਲੋਂ ਸਥਾਨਕ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਸੜਕ ਸੁਰੱਖਿਆ ਬਾਰੇ ਜ਼ਿੰਮੇਵਾਰ ਨਾਗਰਿਕਤਾ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਸੀ। ਮੁਹਿੰਮ ਦੇ ਮੁੱਖ ਪਹਿਲੂਆਂ ਵਿੱਚ ਰਿਫਲੈਕਟਿਵ ਟੇਪ ਲਗਾ ਕੇ ਹਨੇਰੇ ਸਥਾਨ ਨੂੰ ਬਿਹਤਰ ਬਣਾਉਣਾ, ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਭਾਈਚਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਸੀ। ਮੁਲਤਾਨੀ ਮੱਲ ਮੋਦੀ ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਐਨ.ਸੀ.ਸੀ ਕੈਡਿਟਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ, "ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਸੀ.ਸੀ ਕੈਡਿਟਾਂ ਨੇ ਇੱਕ ਵਾਰ ਫਿਰ ਭਾਈਚਾਰਕ ਭਲਾਈ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ।" ਮੋਦੀ ਕਾਲਜ ਆਪਣੇ ਵਿਦਿਆਰਥੀਆਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ, ਅਤੇ ਐਨਸੀਸੀ ਕੈਡਿਟਾਂ ਪਹਿਲਾ ਵੀ ਵੱਖ-ਵੱਖ ਭਾਈਚਾਰਕ ਸੇਵਾ ਪਹਿਲਕਦਮੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਹੋਏ ਹਨ। ਇਹ ਸੜਕ ਸੁਰੱਖਿਆ ਮੁਹਿੰਮ ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਦੁਆਰਾ ਸਮਾਜਿਕ ਭਲਾਈ ਅਤੇ ਭਾਈਚਾਰਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਗਈਆਂ ਕਈ ਪਹਿਲਕਦਮੀਆਂ ਵਿੱਚੋਂ ਇੱਕ ਉਦਾਹਰਣ ਹੈ। ਇਸ ਮੁਹਿੰਮ ਵਿੱਚ ਲਗਭਗ 60 ਕੈਡਿਟਾਂ ਨੇ ਹਿੱਸਾ ਲਿਆ ਜਿਨ੍ਹਾਂ ਦੀ ਨਿਗਰਾਨੀ ਲੈਫਟੀਨੈਂਟ (ਡਾ.) ਰੋਹਿਤ ਸਚਦੇਵਾ, ਲੈਫਟੀਨੈਂਟ (ਡਾ.) ਨਿਧੀ ਰਾਣੀ ਗੁਪਤਾ ਅਤੇ ਫਲਾਇੰਗ ਅਫਸਰ ਡਾ. ਸੁਮੀਤ ਕੁਮਾਰ ਨੇ ਕੀਤੀ। ਡਾ. ਵਰੁਣ ਜੈਨ ਅਤੇ ਡਾ. ਨਿਸ਼ਾਨ ਸਿੰਘ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।