post

Jasbeer Singh

(Chief Editor)

Patiala News

ਝੋਨੇ ਵਿਚ ਮਧਰੇਪਣ ਦੀ ਸਮੱਸਿਆ ਬਾਰੇ ਸੁਚੇਤ ਰਹਿਣ ਦੀ ਲੋੜ: ਮੁੱਖ ਖੇਤੀਬਾੜੀ ਅਫ਼ਸਰ

post-img

ਝੋਨੇ ਵਿਚ ਮਧਰੇਪਣ ਦੀ ਸਮੱਸਿਆ ਬਾਰੇ ਸੁਚੇਤ ਰਹਿਣ ਦੀ ਲੋੜ: ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ, 16 ਅਗਸਤ : ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਝੋਨੇ ਦੀ ਫ਼ਸਲ ਵਿਚੋਂ ਕੁਝ ਮਧਰੇ ਬੂਟਿਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਬੂਟਿਆਂ ਦੇ ਮਧਰੇਪਣ ਦੇ ਕਈ ਕਾਰਣ ਹੋ ਸਕਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਇਸ ਬਾਰੇ ਪੂਰੀ ਤਰ੍ਹਾਂ ਸੁਚੇਤ ਹਨ ਅਤੇ ਇਸ ਦੀ ਛਾਣਬੀਣ ਕਰ ਰਹੇ ਹਨ। ਇਸ ਦੌਰਾਨ ਕਈ ਥਾਵਾਂ ਤੇ ਜ਼ਿੰਕ ਦੀ ਘਾਟ ਦੇਖਣ ਨੂੰ ਮਿਲੀ ਹੈ ਜੋ ਕਿ ਮਧਰੇਪਣ ਦਾ ਇਕ ਕਾਰਨ ਹੋ ਸਕਦਾ ਹੈ। ਇਸ ਤੋਂ ਇਲਾਵਾ ਬੂਟਿਆਂ ਦਾ ਮਧਰਾ ਰਹਿ ਜਾਣਾ ਝੋਨੇ ਦੇ ਇੱਕ ਨਵੇਂ ਵਿਸ਼ਾਣੂ ਰੋਗ ਝੋਨੇ ਦੇ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਫੈਲਦਾ ਹੈ ਅਤੇ ਝੋਨੇ ਦੀਆਂ ਮੌਜੂਦਾ ਸਾਰੀਆਂ ਕਿਸਮਾਂ ਉੱਤੇ ਹਮਲਾ ਕਰ ਸਕਦਾ ਹੈ। ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਉਹਨਾਂ ਦੇ ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ। ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇੱਕ-ਤਿਹਾਈ ਰਹਿ ਜਾਂਦੀ ਹੈ। ਰੋਗ ਦੇ ਜ਼ਿਆਦਾ ਹਮਲੇ ਕਾਰਨ ਕਈ ਵਾਰ ਬੂਟੇ ਮੁਰਝਾ ਕੇ ਸੁੱਕ ਵੀ ਜਾਂਦੇ ਹਨ।ਉਹਨਾਂ ਦੱਸਿਆ ਕਿ ਇਸ ਬਿਮਾਰੀ ਵਾਲੇ ਬੂਟਿਆਂ ਨੂੰ ਪੁੱਟ ਕੇ ਖੇਤ ਵਿਚ ਡੂੰਘਾ ਦੱਬ ਦੇਣਾ ਚਾਹੀਦਾ ਹੈ । ਡਾ. ਕੇ.ਐਸ.ਸੂਰੀ ਪ੍ਰਮੁੱਖ ਕੀਟ ਵਿਗਿਆਨੀ, ਪੀ.ਏ.ਯੂ. ਨੇ ਜਾਣਕਾਰੀ ਦਿੱਤੀ ਕਿ ਖੇਤ ਵਿਚ ਇਸ ਰੋਗ ਨੂੰ ਫੈਲਾਉਣ ਵਾਲੇ ਕੀੜੇ (ਚਿੱਟੀ ਪਿੱਠ ਵਾਲੇ ਟਿੱਡੇ) ਦੀ ਸੁਚੱਜੀ ਰੋਕਥਾਮ ਲਈ ਝੋਨੇ ਦੀ ਫ਼ਸਲ ਦਾ ਸਮੇਂ-ਸਮੇਂ ਸਿਰ ਨਿਰੀਖਣ ਕਰਦੇ ਰਹੋ। ਟਿੱਡੇ ਦੀ ਆਮਦ ਵੇਖਣ ਲਈ ਰਾਤ ਨੂੰ ਖੇਤ ਨੇੜੇ ਬਲਬ ਜਗ੍ਹਾ ਕੇ ਰੱਖੋ। ਜੇਕਰ ਟਿੱਡੇ ਦੀ ਆਮਦ ਨਜ਼ਰ ਆਉਂਦੀ ਹੈ ਤਾਂ ਕਿਸੇ ਵੀ ਕੀਟਨਾਸ਼ਕ ਜਿਵੇਂ ਕਿ 94 ਮਿ.ਲਿ. ਪੈਕਸਾਲੋਨ 10 ਐਸ.ਸੀ. ਜਾਂ 60 ਗ੍ਰਾਮ ਉਲਾਲਾ 50 ਡਬਲਯੂ ਜੀ ਜਾਂ 80 ਗ੍ਰਾਮ ਓਸੀਨ/ਟੋਕਨ/ਡੋਮਿਨੇਂਟ 20 ਐਸ.ਜੀ. ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ ਜਾਂ 400 ਮਿ.ਲਿ. ਆਰਕੈਸਟਰਾ 10 ਐਸ.ਸੀ. ਜਾਂ 300 ਮਿ.ਲਿ. ਇਮੇਜਿਨ 10 ਐਸ.ਸੀ. ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿਚ ਘੋਲ ਕੇ ਬੂਟਿਆਂ ਦੇ ਮੁੱਢਾਂ ਤੇ ਛਿੜਕਾਅ ਕਰੋ। ਸੁਚੱਜੀ ਰੋਕਥਾਮ ਵਾਸਤੇ ਪਿੱਠੂ ਪੰਪ ਅਤੇ ਗੋਲ ਨੋਜਲ ਦਾ ਇਸਤੇਮਾਲ ਕਰੋ। ਕੀਟਨਾਸ਼ਕਾਂ ਦਾ ਸਪਰੇਅ ਸਿਰਫ਼ ਲੋੜ ਮੁਤਾਬਿਕ ਹੀ ਕਰਨਾ ਚਾਹੀਦਾ ਹੈ।

Related Post

Instagram