ਐਨ. ਆਈ. ਏ. ਨੇ ਕੀਤੀ ਨੀਮਰਾਣਾ ਹੋਟਲ ਗੋਲੀਬਾਰੀ ਮਾਮਲੇ 'ਚ ਚਾਰਜਸ਼ੀਟ ਦਾਖਲ
- by Jasbeer Singh
- January 5, 2026
ਐਨ. ਆਈ. ਏ. ਨੇ ਕੀਤੀ ਨੀਮਰਾਣਾ ਹੋਟਲ ਗੋਲੀਬਾਰੀ ਮਾਮਲੇ 'ਚ ਚਾਰਜਸ਼ੀਟ ਦਾਖਲ ਨਵੀਂ ਦਿੱਲੀ, 5 ਜਨਵਰੀ 2026 : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਨਾਲ ਜੁੜੇ 2024 ਦੇ ਨੀਮਰਾਣਾ ਹੋਟਲ ਗੋਲੀਬਾਰੀ ਮਾਮਲੇ ਵਿਚ ਕਥਿਤ ਤੌਰ 'ਤੇ ਸ਼ਾਮਲ 2 ਮੁੱਖ ਹਮਲਾਵਰਾਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੰਜਾਬ ਦੇ ਰਹਿਣ ਵਾਲੇ ਹਮਲਾਵਰਾਂ ਤੇ ਗੋਲ਼ੀਬਾਰੀ ਕਰਨ ਦਾ ਐਨ. ਆਈ. ਏ. ਨੇ ਲਗਾਇਆ ਦੋਸ਼ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਪੁਨੀਤ ਅਤੇ ਨਰਿੰਦਰ ਲੱਲੀ ਖਿਲਾਫ ਸ਼ਨੀਵਾਰ ਨੂੰ ਰਾਜਸਥਾਨ ਦੇ ਜੈਪੁਰ ਦੀ ਇਕ ਅਦਾਲਤ 'ਚ ਭਾਰਤੀ ਨਿਆਂ ਸੰਹਿਤਾ, ਅਸਲਾ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਵੱਖ-ਵੱਖ ਅਪਰਾਧਾਂ ਲਈ ਚਾਰਜਸ਼ੀਟ ਦਾਖਲ ਕੀਤੀ ਗਈ । ਐੱਨ. ਆਈ. ਏ. ਵੱਲੋਂ ਜਾਰੀ ਇਕ ਬਿਆਨ 'ਚ ਦੋਸ਼ ਲਾਇਆ ਗਿਆ ਕਿ ਪੰਜਾਬ ਦੇ ਰਹਿਣ ਵਾਲੇ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਸੀ ਅਤੇ ਉਹ ਨੀਮਰਾਣਾ (ਹਰਿਆਣਾ) ਸਥਿਤ ਹਾਈਵੇਅ ਕਿੰਗ ਹੋਟਲ ਦੇ ਮਾਲਕਾਂ ਨੂੰ ਧਮਕਾਉਣ ਅਤੇ ਫਿਰੌਤੀ ਮੰਗਣ ਵਿਚ ਵੀ ਸ਼ਾਮਲ ਸਨ । ਕਿੰਨਿਆਂ ਖ਼ਿਲਾਫ਼ ਹੋ ਚੁੱਕੀ ਹੈ ਚਾਰਜਸ਼ੀਟ ਦਾਖਲ ਇਸ ਦੇ ਨਾਲ ਹੀ, ਇਸ ਮਾਮਲੇ ਵਿਚ ਹੁਣ ਤੱਕ ਕੁੱਲ 9 ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਹੋਟਲ 'ਤੇ ਹਮਲਾ ਸਤੰਬਰ 2024 ਵਿਚ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ.) ਦੇ ਅੱਤਵਾਦੀ-ਗੈਂਗਸਟਰ ਸਿੰਡੀਕੇਟ ਵੱਲੋਂ ਕੀਤਾ ਗਿਆ ਸੀ । ਇਸ ਸਿੰਡੀਕੇਟ ਦੀ ਅਗਵਾਈ ਐਲਾਨੇ ਗਏ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ ਬੰਬੀਹਾ ਗਿਰੋਹ ਕਰ ਰਹੇ ਸਨ।
