post

Jasbeer Singh

(Chief Editor)

Punjab

ਹੁਣ ਸਰਕਾਰੀ ਸੇਵਾਵਾਂ ਲਈ ਦਫ਼ਤਰਾਂ ਦੇ ਚੱਕਰ ਨਹੀਂ-ਸੇਵਾ ਕੇਂਦਰ ਬਣੇ “ਵਨ ਸਟਾਪ ਸੋਲਿਊਸ਼ਨ

post-img

ਹੁਣ ਸਰਕਾਰੀ ਸੇਵਾਵਾਂ ਲਈ ਦਫ਼ਤਰਾਂ ਦੇ ਚੱਕਰ ਨਹੀਂ-ਸੇਵਾ ਕੇਂਦਰ ਬਣੇ “ਵਨ ਸਟਾਪ ਸੋਲਿਊਸ਼ਨ ਆਰ.ਟੀ.ਓ, ਮਾਲ ਵਿਭਾਗ ਅਤੇ ਪੈਨਸ਼ਨਰ ਸੇਵਾਵਾਂ ਇਕੋ ਛੱਤ ਹੇਠ- ਡਿਪਟੀ ਕਮਿਸ਼ਨਰ ਮਾਲੇਰਕੋਟਲਾ 10 ਜਨਵਰੀ 2026 : ਜ਼ਿਲ੍ਹਾ ਵਾਸੀਆਂ ਨੂੰ ਸੁਵਿਧਾਜਨਕ, ਪਾਰਦਰਸ਼ੀ ਅਤੇ ਤੇਜ਼ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਦਾ ਦਾਇਰਾ ਅਤੇ ਭੂਮਿਕਾ ਹੋਰ ਵਧਾਈ ਗਈ ਹੈ। ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਆਰ.ਟੀ.ਓ ਦਫ਼ਤਰ ਅਤੇ ਮਾਲ ਵਿਭਾਗ ਦੀਆਂ ਸੇਵਾਵਾਂ ਦੇ ਨਾਲ-ਨਾਲ ਪੈਨਸ਼ਨਰਾਂ ਨਾਲ ਸਬੰਧਤ ਮਹੱਤਵਪੂਰਨ ਸੇਵਾਵਾਂ ਵੀ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਵਾਹਨ ਅਤੇ ਆਰ.ਸੀ ਨਾਲ ਸਬੰਧਿਤ ਸਾਰੀਆਂ ਸੇਵਾਵਾਂ ਹੁਣ ਸਿੱਧੇ ਸੇਵਾ ਕੇਂਦਰਾਂ ਤੋਂ ਮਿਲ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਇਸ ਤੋਂ ਇਲਾਵਾ ਪੈਨਸ਼ਨਰਾਂ ਲਈ ਛੇ ਅਹੰਕਾਰਪੂਰਨ ਸੇਵਾਵਾਂ- ਜਿਵੇਂ ਕਿ ਈ-ਕੇਵਾਈਸੀ, ਜੀਵਨ ਪ੍ਰਮਾਣ ਪੱਤਰ, ਪ੍ਰੋਫਾਈਲ ਅਪਡੇਟ, ਸ਼ਿਕਾਇਤ ਦਰਜ ਕਰਵਾਉਣਾ ਆਦਿ ਹੁਣ ਕਿਸੇ ਵੀ ਨਜ਼ਦੀਕੀ ਸੇਵਾ ਕੇਂਦਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਲ ਵਿਭਾਗ ਨਾਲ ਸਬੰਧਿਤ ਸੇਵਾਵਾਂ ਜਿਵੇਂ ਕਿ ਫਰਦ, ਵਿਰਾਸਤੀ ਇੰਤਕਾਲ, ਵਸੀਕੇ ਦੇ ਆਧਾਰ ’ਤੇ ਇੰਤਕਾਲ, ਵਿਆਹ ਸਰਟੀਫਿਕੇਟ ਅਤੇ ਆਮਦਨ ਸਰਟੀਫਿਕੇਟ ਆਦਿ ਪਹਿਲਾਂ ਹੀ ਸੇਵਾ ਕੇਂਦਰਾਂ ਰਾਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਜ਼ਿਲ੍ਹਾ ਵਾਸੀ ਘਰ ਬੈਠੇ 1076 ’ਤੇ ਡਾਇਲ ਕਰਕੇ ਵੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ । ਜ਼ਿਲ੍ਹਾ ਆਈ.ਟੀ. ਮੈਨੇਜਰ ਮੋਨਿਕਾ ਸਿੰਗਲਾ ਨੇ ਦੱਸਿਆ ਕਿ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 09 ਸੇਵਾ ਕੇਂਦਰ ਕਾਰਜਸ਼ੀਲ ਹਨ । ਉਨ੍ਹਾਂ ਸਕੂਲੀ ਮਾਪਿਆਂ ਨੂੰ ਅਪੀਲ ਕਰਦਿਆ ਕਿਹਾ ਕਿ ਸਰਦੀਆਂ ਦੀਆਂ ਛੁੱਟੀਆਂ ਦਾ ਲਾਹਾ ਲੈਂਦੇ ਹੋਏ ਆਪਣੇ ਬੱਚਿਆਂ ਦੇ ਆਧਾਰ ਕਾਰਡਾਂ ਦੀ ਬਾਇਓਮੈਟ੍ਰਿਕ ਅਪਡੇਟ ਜਰੂਰੀ ਕਰਵਾਉਣ । ਉਨ੍ਹਾਂ ਹੋਰ ਦੱਸਿਆ ਕਿ ਜਿਨ੍ਹਾਂ ਬੱਚਿਆਂ ਦਾ ਆਧਾਰ ਕਾਰਡ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਬਣਾਇਆ ਗਿਆ ਸੀ, ਉਨ੍ਹਾਂ ਲਈ 7 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾ ਬਾਇਓਮੀਟ੍ਰਿਕ ਅੱਪਡੇਟ ਕਰਵਾਉਣਾ ਲਾਜ਼ਮੀ ਹੈ, ਨਹੀਂ ਤਾਂ ਆਧਾਰ ਨੰਬਰ ਅਯੋਗ ਮੰਨਿਆ ਜਾ ਸਕਦਾ ਹੈ। 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਸਿਰਫ਼ ਡੈਮੋਗ੍ਰਾਫਿਕ ਜਾਣਕਾਰੀ ਦਾ ਅੱਪਡੇਟ ਮੁਫ਼ਤ ਹੈ, ਜਦਕਿ 15 ਤੋਂ 17 ਸਾਲ ਦੀ ਉਮਰ ਵਿੱਚ ਦੂਜਾ ਬਾਇਓਮੀਟ੍ਰਿਕ ਅੱਪਡੇਟ ਵੀ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਆਧਾਰ ਅੱਪਡੇਟ ਸਕੂਲ ਦਾਖਲੇ, ਪ੍ਰੀਖਿਆਵਾਂ, ਸਕਾਲਰਸ਼ਿਪ ਅਤੇ ਹੋਰ ਸਰਕਾਰੀ ਸਕੀਮਾਂ ਲਈ ਬਹੁਤ ਅਹੰਮ ਹਨ। ਇਸ ਲਈ ਸਾਰੇ ਮਾਪੇ ਆਪਣੇ ਬੱਚਿਆਂ ਦੇ ਆਧਾਰ ਕਾਰਡ ਜਲਦ ਤੋਂ ਜਲਦ ਅੱਪਡੇਟ ਕਰਵਾਉਣ ਲਈ ਨੇੜਲੇ ਸੇਵਾ ਕੇਂਦਰ ਨਾਲ ਸੰਪਰਕ ਕਰਨ । ਉਨ੍ਹਾਂ ਹੋਰ ਦੱਸਿਆ ਕਿ ਮਾਲੇਰਕੋਟਲਾ ਜ਼ਿਲੇ ਵਿੱਚ ਸਥਿਤ 9 ਸੇਵਾ ਕੇਂਦਰ ਵਿੱਚੋਂ ਅਹਿਮਦਗੜ੍ਹ ਵਿਖੇ ਤਹਿਸੀਲ ਕੰਪਲੈਕਸ ਵਿਖੇ 1 ਅਤੇ ਅਮਰਗੜ੍ਹ ਵਿਖੇ ਕੋਪਰੇਟਿਵ ਸੋਸਾਇਟੀ ਨੇੜੇ 1 ਸੇਵਾ ਕੇਂਦਰ ਅਤੇ ਮਾਲੇਰਕੋਟਲਾ ਵਿੱਚ 7 ਸੇਵਾ ਕੇਂਦਰ (ਜਮਾਲਪੁਰਾ, 786 ਚੌਂਕ, ਰਾਏਕੋਟ ਰੋਡ, ਭੁਰਥਲਾ ਮੰਡੇਰ, ਸੰਦੌੜ, ਕੰਗਣਵਾਲ ਅਤੇ ਜਲਵਾਨਾ) ਵਿਖੇ ਸਥਾਪਿਤ ਹਨ । ਆਮ ਲੋਕ ਇਨ੍ਹਾਂ ਸੇਵਾਵਾਂ ਕੇਂਦਰਾਂ ਤੋਂ ਸੋਮਵਾਰ ਤੋਂ ਸਨੀਵਾਰ ਹਫਤੇ ਦੇ ਛੇ ਦਿਨ ਸੇਵਾਵਾਂ ਦਾ ਲਾਭ ਲੈ ਸਕਦੇ ਹਨ ।

Related Post

Instagram