ਜ਼ਿਲ੍ਹਾ ਮਲੇਰਕੋਟਲਾ ’ਚ ਸੇਫ਼ ਸਕੂਲ ਵਾਹਨ ਮੁਹਿੰਮ ਤਹਿਤ ਸਕੂਲ ਬੱਸਾਂ ਦੀ ਜਾਂਚ
- by Jasbeer Singh
- December 20, 2025
ਜ਼ਿਲ੍ਹਾ ਮਲੇਰਕੋਟਲਾ ’ਚ ਸੇਫ਼ ਸਕੂਲ ਵਾਹਨ ਮੁਹਿੰਮ ਤਹਿਤ ਸਕੂਲ ਬੱਸਾਂ ਦੀ ਜਾਂਚ 23 ਵਾਹਨਾਂ ਦੀ ਚੈਕਿੰਗ, ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ’ਤੇ 5 ਚਲਾਨ ਕੀਤੇ ਮਾਲੇਰਕੋਟਲਾ, 20 ਦਸੰਬਰ 2025 : ਜ਼ਿਲ੍ਹਾ ਮਾਲੇਰਕੋਟਲਾ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ “ਸੇਫ਼ ਸਕੂਲ ਵਾਹਨ” ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 16 ਦਸੰਬਰ ਅਤੇ 18 ਦਸੰਬਰ ਨੂੰ ਸਕੂਲ ਬੱਸਾਂ ਦੀ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਪ੍ਰੀਤ ਕੌਰ ਸੰਧੂ ਨੇ ਦਿੱਤੀ । ਇਸ ਮੁਹਿੰਮ ਦੌਰਾਨ ਕੁੱਲ 23 ਸਕੂਲ ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਸ ਵਿੱਚੋਂ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੇ 5 ਵਾਹਨਾਂ ਦੇ ਚਲਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਸਕੂਲਾਂ ਵਿੱਚ ਬੱਚਿਆਂ ਨੂੰ ਲਿਜਾਣ ਅਤੇ ਛੱਡਣ ਵਾਲੇ ਵਾਹਨਾਂ ਦੀ ਸੁਰੱਖਿਆ ਮਿਆਰਾਂ ਅਨੁਸਾਰ ਜਾਂਚ ਕਰਨਾ ਸੀ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਾਅ ਕੀਤਾ ਜਾ ਸਕੇ। ਚੈਕਿੰਗ ਦੌਰਾਨ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਵਾਹਨ ਚਾਲਕਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਜਲਦ ਤੋਂ ਜਲਦ ਸਾਰੇ ਲੋੜੀਂਦੇ ਦਸਤਾਵੇਜ਼ ਅਤੇ ਸੁਰੱਖਿਆ ਉਪਕਰਨ ਪੂਰੇ ਕੀਤੇ ਜਾਣ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਦੋ ਦਿਨਾਂ ਚੈਕਿੰਗ ਦੌਰਾਨ ਸਕੂਲੀ ਬੱਸਾਂ ਵਿੱਚ ਅੱਗ ਬੁਝਾਊ ਯੰਤਰ, ਫ਼ਸਟ ਏਡ ਕਿੱਟ, ਸੀ.ਸੀ.ਟੀ.ਵੀ. ਕੈਮਰੇ, ਡਰਾਈਵਰ ਦੀ ਵਰਦੀ, ਇੰਸ਼ੋਰੈਂਸ, ਡਰਾਈਵਿੰਗ ਲਾਇਸੈਂਸ, ਐਮਰਜੈਂਸੀ ਦਰਵਾਜ਼ੇ, ਸੀਟ ਬੈਲਟਾਂ ਅਤੇ ਹੋਰ ਲਾਜ਼ਮੀ ਸੁਰੱਖਿਆ ਉਪਕਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਹ ਚਲਾਨ ਅੱਗ ਬੁਝਾਊ ਸਿਲੰਡਰ ਦੀ ਘਾਟ, ਵਰਦੀ, ਮੈਡੀਕਲ ਕਿੱਟ ਅਤੇ ਟੈਕਸ ਆਦਿ ਨਾਲ ਸਬੰਧਿਤ ਖਾਮੀਆਂ ਕਾਰਨ ਕੀਤੇ ਗਏ। ਇਸ ਦੇ ਨਾਲ ਹੀ ਸਾਰੇ ਸਕੂਲਾਂ ਦੀਆਂ ਬੱਸਾਂ ਵਿੱਚ ਲੇਡੀ ਅਟੈਂਡੈਂਟ ਦੀ ਮੌਜੂਦਗੀ ਲਾਜ਼ਮੀ ਬਣਾਉਣ ਦੀ ਵੀ ਵਿਸ਼ੇਸ਼ ਹਦਾਇਤ ਦਿੱਤੀ ਗਈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਟ੍ਰੈਫਿਕ ਨਿਯਮਾਂ ਅਤੇ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਲੀਗਲ ਅਫਸਰ ਬਬੀਤਾ ਕੁਮਾਰੀ, ਏ.ਐਸ.ਆਈ. (ਪੁਲਿਸ ਵਿਭਾਗ) ਗੁਰਮੁੱਖ ਸਿੰਘ, ਸੋਸ਼ਲ ਵਰਕਰ ਗੁਰਜੰਟ ਸਿੰਘ, ਲਵਪ੍ਰੀਤ ਸਿੰਘ, ਸਰਬਜੀਤ ਕੌਰ, ਬਲਜੀਤ ਸਿੰਘ, ਸਿੱਖਿਆ ਵਿਭਾਗ ਤੋਂ ਗੁਰਵੀਰ ਸਿੰਘ, ਮੀਡੀਆ ਸਹਾਇਕ ਪਰਗਟ ਸਿੰਘ ਸਮੇਤ ਹੋਰ ਸਬੰਧਿਤ ਸਟਾਫ਼ ਮੈਂਬਰ ਹਾਜ਼ਰ ਸਨ।
