
ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਪਾਵਰਕਾਮ ਅਤੇ ਟਰਾਂਸਕੋ ਦੀ ਆਨ ਲਾਇਨ ਮੀਟਿੰਗ ਆਯੋਜਿਤ
- by Jasbeer Singh
- September 11, 2024

ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਪਾਵਰਕਾਮ ਅਤੇ ਟਰਾਂਸਕੋ ਦੀ ਆਨ ਲਾਇਨ ਮੀਟਿੰਗ ਆਯੋਜਿਤ ਪਟਿਆਲਾ : ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਪਾਵਰਕਾਮ ਅਤੇ ਟਰਾਂਸਕੋ ਦੀ ਆਨ ਲਾਇਨ ਮੀਟਿੰਗ ਅਮਰਜੀਤ ਸਿੰਘ ਬਾਬਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਪੰਜਾਬ ਬਿਜਲੀ ਬੋਰਡ ਦੇ ਮੁਲਾਜਮਾਂ/ਪੈਨਸ਼ਨਰਾਂ ਵੱਲੋਂ ਆਪਣੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲਾਗੂ ਕਰਵਾਉਣ ਬਾਰੇ ਵਰਕ ਟੂ ਰੂਲ ਅਤੇ 10 ਸਤੰਬਰ ਤੋਂ 12 ਸਤੰਬਰ ਤੱਕ ਸਮੁੱਚੇ ਬਿਜਲੀ ਕਾਮਿਆਂ ਵੱਲੋਂ ਸਮੂਹਿਕ ਤੌਰ ਤੇ ਅਚਨਚੇਤ ਛੁੱਟੀ ਤੇ ਜਾਣ ਦਾ ਫੈਸਲਾ ਕੀਤਾ ਹੈ। ਕਿਉਂਕਿ ਪੰਜਾਬ ਸਰਕਾਰ / ਬਿਜਲੀ ਮੰਤਰੀ ਪੰਜਾਬ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵਲੋਂ ਮੁਲਾਜਮ ਮੰਗਾਂ ਦੇ ਹੱਲ ਲਈ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਪੰਜਾਬ ਦੇ ਮੁੱਖ ਮੰਤਰੀ ਵਲੋਂ ਜਥੇਬੰਦੀਆਂ ਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਵਾਰਵਾਰ ਮੀਟਿੰਗਾਂ ਮੁਅੱਤਲ ਕੀਤੀਆਂ ਜਾ ਰਹੀਆਂ ਹਨ ਅਤੇ ਪਿਛਲੇ ਸਮੇਂ ਵਿੱਚ ਜ਼ੋ ਸਰਕਾਰ ਨਾਲ ਸਹਿਮਤੀਆਂ ਬਣੀਆਂ ਸੀ ਉਹ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਬੀ.ਐਸ.ਸੇਖੋਂ ਜਨਰਲ ਸਕੱਤਰ ਨੇ ਦੱਸਿਆ ਕਿ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਦੀ ਮੀਟਿੰਗ ਵਿੱਚ ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਬਿਜਲੀ ਮੁਲਾਜਮਾਂ ਦੀਆਂ ਜਥੇਬੰਦੀਆਂ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਵੱਲੋਂ ਚਲਾਏ ਜਾ ਰਹੇ ਸੰਘਰਸ਼ ਵਿੱਚ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਵੱਲੋਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਪੰਜਾਬ ਦੇ ਸਾਰੇ ਸਰਕਲਾਂ ਵਿੱਚ ਪੈਨਸ਼ਨਰ ਫੈਡਰੇਸ਼ਨ ਦੇ ਵਰਕਰਾਂ ਨੂੰ ਇਸ ਸੰਘਰਸ਼ ਵਿੱਚ ਵੱਡੇ ਪੱਧਰ ਤੇ ਸ਼ਾਮਲ ਹੋਣ ਲਈ ਅਪੀਲ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਿਤੀ 01012016 ਤੋਂ ਪਹਿਲਾਂ ਰਿਟਾਇਰ ਹੋਏ ਮੁਲਾਜਮਾਂ ਨੂੰ 2.45 ਦੀ ਬਜਾਏ 2.59 ਦੇ ਫੈਕਟਰ ਨਾਲ ਪੈਨਸ਼ਨ ਫਿਕਸ ਕਰਨੀ, ਮਹਿੰਗਾਈ ਭੱਤੇ ਦੀਆਂ 12 ਪ੍ਰਤੀਸ਼ਤ ਦੀਆਂ ਕਿਸ਼ਤਾਂ ਦੇਣ ਅਤੇ ਮਹਿੰਗਾਈ ਭੱਤੇ ਦਾ ਬਕਾਇਆ ਦੇਣ, ਤਨਖਾਹ ਸਕੇਲਾਂ ਦਾ ਬਕਾਇਆ ਦੇਣ ਆਦਿ ਮਸਲਿਆਂ ਵੱਲ ਸਰਕਾਰ ਅਤੇ ਬਿਜਲੀ ਮੈਨੇਜਮੈਂਟ ਦਾ ਧਿਆਨ ਖਿੱਚਣ ਲਈ ਇਹ ਜਰੂਰੀ ਸਮਝਦਿਆਂ ਉਪਰੋਕਤ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਬਾਬਾ ਅਮਰਜੀਤ ਸਿੰਘ, ਬੀ.ਐਸ. ਸੇਖੋਂ, ਪਰਮਜੀਤ ਸਿੰਘ ਦਸੂਆ, ਸ੍ਰੀ ਰਾਮ ਸਰਨ, ਪਰਮਜੀਤ ਜਲੰਧਰ, ਅਸ਼ਵਨੀ ਕੁਮਾਰ ਜਲੰਧਰ, ਲਖਵੀਰ ਸਿੰਘ ਕਰਤਾਰਪੁਰ, ਜਗਦੀਸ਼ ਰਾਏ ਰਾਮਪੁਰਾ, ਰਜਿੰਦਰ ਵਿਰਕ ਲੁਧਿਆਣਾ, ਮਹਿੰਦਰ ਸਿੰਘ ਫਿਰੋਜਪੁਰ, ਸੁਖਦੇਵ ਸਿੰਘ ਅੰਮ੍ਰਿਤਸਰ ਅਤੇ ਅਵਤਾਰ ਸਿੰਘ ਬਮਰਾਹ ਆਦਿ ਸ਼ਾਮਲ ਸਨ।