ਮੋਦੀ ਸਰਕਾਰ ਨਾਲ ਸਿਰਫ ਕਾਂਗਰਸ ਹੀ ਟੱਕਰ ਲੈ ਸਕਦੀ ਹੈ : ਡਾ: ਗਾਂਧੀ
- by Jasbeer Singh
- May 7, 2024
ਪਟਿਆਲਾ, 7 ਮਈ (ਜਸਬੀਰ)-ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਤਾਨਾਸ਼ਾਹੀ ਨਾਲ ਸਿਰਫ ਕਾਂਗਰਸ ਹੀ ਟੱਕਰ ਲੈ ਸਕਦੀ ਹੈ ਕਿਉਕਿ ਕਾਂਗਰਸ ਇਕ ਧਰਮ ਨਿਰਪੱਖ ਪਾਰਟੀ ਹੈ ਅਤੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਸਮਰਥਾ ਰੱਖਦੀ ਹੈ। ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਭਾਰਤ ਬਹੁ ਭਾਸ਼ਾਈ, ਬਹੁ ਧਰਮੀ ਤੇ ਬਹੁ ਖੇਤਰੀ ਦੇਸ਼ ਹੈ, ਜਿਥੇ ਅਜਿਹੀ ਪਾਰਟੀ ਦੀ ਜ਼ਰੂਰਤ ਹੈ, ਜਿਹੜੀ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਨਾ ਕਿ ਸੱਤਾ ਦੀ ਵਾਗਡੋਰ ਅਜਿਹੇ ਲੋਕਾਂ ਦੇ ਹੱਥ ਵਿਚ ਫੜਾਈ ਜਾ ਸਕਦੀ ਹੈ, ਜਿਹੜੇ ਆਪਣੇ ਇਰਾਦੇ ਅਤੇ ਸਵਾਰਥ ਲਈ ਲੋਕਾਂ ਵਿਚ ਵੰਡੀਆਂ ਪਾ ਰਹੇ ਹਨ ਅਤੇ ਦੇਸ਼ ਨੂੰ ਵੰਡਣ ’ਤੇ ਲੱਗੇ ਹੋਏ ਹਨ। ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਵੀ ਪਟਿਆਲਾ ਦੇ ਲੋਕਾਂ ਨੇ ਮੌਕਾ ਦਿੱਤਾ ਤਾਂ ਉਨ੍ਹਾਂ ਨੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਕੀਤਾ ਅਤੇ ਹੁਣ ਵੀ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਪਟਿਆਲਾ ਦੀ ਆਵਾਜ਼ ਨੂੰ ਦੇਸ਼ ਦੀ ਸੰਸਦ ਤੱਕ ਪਹੁੰਚਾਉਣਗੇ ਜਦੋਂ ਕਿ ਪਿਛਲੇ 20 ਸਾਲਾਂ ਵਿਚ 4 ਵਾਰ ਜਿਹੜੇ ਘਰਾਣੇ ਨੂੰ ਲੋਕਾਂ ਨੇ ਦੇਸ਼ ਦੀ ਸੰਸਦ ਤੱਕ ਪਹੁੰਚਾਇਆ, ਉਹ ਵੋਟਾਂ ਲੈ ਕੇ ਆਪਣੇ ਘਰਾਂ ਵਿਚ ਬੈਠ ਗਏ ਤੇ ਮੁੜ ਕੇ ਲੋਕਾਂ ਦੀ ਸਾਰ ਨਹੀਂ ਲਈ। ਅਜਿਹੇ ਵਿਚ ਉਨ੍ਹਾਂ ਨੂੰ ਮੁੜ ਤੋਂ ਕਿਸ ਤਰ੍ਹਾਂ ਲੋਕ ਮੂੰਹ ਲਾਉਣਗੇ।
