
ਪੀ. ਏ. ਯੂ. ਕੇ. ਵੀ. ਕੇ. ਸੰਗਰੂਰ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਨਵੀਆਂ ਖੇਤੀ ਯੋਜਨਾਵਾਂ ਦੇ ਆਗਾਜ਼ ਦੇ ਲਾਈਵ ਪ੍ਰਸਾਰਣ
- by Jasbeer Singh
- October 11, 2025

ਪੀ. ਏ. ਯੂ. ਕੇ. ਵੀ. ਕੇ. ਸੰਗਰੂਰ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਨਵੀਆਂ ਖੇਤੀ ਯੋਜਨਾਵਾਂ ਦੇ ਆਗਾਜ਼ ਦੇ ਲਾਈਵ ਪ੍ਰਸਾਰਣ ਦਾ ਆਯੋਜਨ ਸੰਗਰੂਰ, 11 ਅਕਤੂਬਰ 2025 : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪ੍ਰਧਾਨ ਮੰਤਰੀ ਧੰਨ ਧਾਨਿਆ ਕ੍ਰਿਸ਼ੀ ਯੋਜਨਾ ਅਤੇ ਦਾਲਾਂ ਵਿੱਚ ਦੇਸ਼ ਦੀ ਸਵੈ- ਨਿਰਭਰਤਾ ਮਿਸ਼ਨ ਸਮੇਤ ਕਈ ਨਵੀਆਂ ਖੇਤੀ ਯੋਜਨਾਵਾਂ ਦੇ ਆਗਾਜ਼ ਦੇ ਨੈਸ਼ਨਲ ਐਗਰੀਕਲਚਰ ਸਾਇੰਸ ਕੰਪਲੈਕਸ, ਪੂਸਾ, ਨਵੀਂ ਦਿੱਲੀ ਤੋਂ ਸਿੱਧੇ ਪ੍ਰਸਾਰਣ ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਣ ਮੌਕੇ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ' ਪੀ. ਐੱਮ. ਧਨ ਧਾਨਿਆ ਕ੍ਰਿਸ਼ੀ ਯੋਜਨਾ' ਸਮੇਤ ਖੇਤੀ ਸੈਕਟਰ ਲਈ 35,400 ਕਰੋੜ ਦੀ ਲਾਗਤ ਵਾਲੀਆਂ ਦੋ ਵੱਡੀਆਂ ਯੋਜਨਾਵਾਂ ਲਾਂਚ ਕੀਤੀਆਂ ਗਈਆਂ ਹਨ । ਇਸ ਮੌਕੇ ਪ੍ਰਧਾਨ ਮੰਤਰੀ ਵੱਲੋਂ ਦਾਲਾਂ ਚ ਆਤਮ-ਨਿਰਭਰਤਾ ਮਿਸ਼ਨ ਵੀ ਲਾਂਚ ਕੀਤਾ ਗਿਆ । ਜਿਸ ਲਈ 11,440 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ । ਡਾ. ਮਨਦੀਪ ਸਿੰਘ ਨੇ ਕਿਸਾਨਾਂ ਨੂੰ ਕੇ. ਵੀ. ਕੇ., ਸੰਗਰੂਰ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਵੱਖ-ਵੱਖ ਸੇਵਾਵਾਂ ਬਾਬਤ ਵੀ ਜਾਣਕਾਰੀ ਦਿੱਤੀ । ਉਹਨਾਂ ਨੇ ਪੀ. ਏ. ਯੂ. ਵੱਲੋਂ ਤਿਆਰ ਕੀਤੀਆਂ ਕਣਕ, ਛੋਲਿਆਂ ਅਤੇ ਤੇਲ-ਬੀਜਾਂ ਅਤੇ ਸਬਜ਼ੀਆਂ ਦੀਆਂ ਵੱਖ-ਵੱਖ ਕਿਸਮਾਂ ਦੇ ਬੀਜਾਂ ਬਾਰੇ ਵੀ ਜਾਣਕਾਰੀ ਦਿੱਤੀ । ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨਾਂ ਨੂੰ ਕਣਕ, ਛੋਲੇ ਅਤੇ ਤੇਲ-ਬੀਜਾਂ ਵਿੱਚ ਨਦੀਨ ਅਤੇ ਖੁਰਾਕ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ । ਡਾ. ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਸਬਜ਼ੀਆਂ ਦੀ ਪਨੀਰੀ ਅਤੇ ਪੈਦਾਵਾਰ ਸਬੰਧੀ ਨਵੀਆਂ ਤਕਨੀਕਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ । ਡਾ. ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਹਾੜ੍ਹੀ ਦੀਆਂ ਵੱਖ-ਵੱਖ ਫਸਲਾਂ ਵਿੱਚ ਕੀਟ ਅਤੇ ਰੋਗ ਪ੍ਰਬੰਧਨ ਅਤੇ ਬੀਜਾਂ ਦੀ ਸੋਧ ਬਾਰੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਸਮੇਂ ਕਿਸਾਨਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ । ਕਿਸਾਨਾਂ ਲਈ ਕਣਕ, ਸਰੋਂ, ਛੋਲਿਆਂ, ਸਬਜ਼ੀਆਂ ਦੇ ਬੀਜਾਂ, ਸ਼ਹਿਦ ਅਤੇ ਖੇਤੀ ਸਾਹਿਤ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ । ਇਸ ਕੈਂਪ ਵਿੱਚ ਲਗਭਗ 250 ਦੇ ਕਰੀਬ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ ।