ਪੀ. ਡੀ. ਏ. ਦੀ ਨਿਵੇਕਲੀ ਪਹਿਲਕਦਮੀ -ਪੀ. ਡੀ. ਏ. ਪਟਿਆਲਾ ਦੇ ਦਫ਼ਤਰ ਵਿਖੇ ਕੰਮ ਕਰਦੇ ਸਟਾਫ ਦੀ ਸਹੂਲਤ ਬੱਚਿਆਂ ਲਈ ਕਰੈੱਚ ਦਾ ਮਨੀਸ਼ਾ ਰਾਣਾ ਵੱਲੋਂ ਉਦਘਾਟਨ -ਕਿਹਾ, ਪੀ. ਡੀ. ਏ. ਵਿਖੇ ਦਫ਼ਤਰੀ ਕੰਮ-ਕਾਜ ਲਈ ਆਉਣ ਵਾਲੇ ਵਸਨੀਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਤੇ ਲੋਕਾਂ ਦੇ ਉਡੀਕ ਖੇਤਰ ਨੂੰ ਵੀ ਕੀਤਾ ਗਿਆ ਅੱਪਗਰੇਡ -ਲੋਕਾਂ ਦਾ ਕੀਮਤੀ ਸਮਾਂ ਬਚਾਉਣ ਲਈ ਪੀ. ਡੀ. ਏ. ਦੀਆਂ ਜਿਆਦਾਤਰ ਸੇਵਾਵਾਂ ਨੂੰ ਆਨ-ਲਾਈਨ ਕੀਤਾ ਗਿਆ-ਮਨੀਸ਼ਾ ਰਾਣਾ ਪਟਿਆਲਾ, 19 ਮਾਰਚ : ਪੀ. ਡੀ. ਏ. ਨੇ ਨਿਵੇਕਲੀ ਪਹਿਲ ਕਰਦੇ ਹੋਏ ਪੀ. ਡੀ. ਏ. ਪਟਿਆਲਾ ਦੇ ਦਫ਼ਤਰ ਵਿਖੇ ਕੰਮ ਕਰਦੇ ਸਟਾਫ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਦਫ਼ਤਰ ਦੇ ਗਰਾਊਂਡ ਫਲੋਰ ਵਿਖੇ ਸਟਾਫ ਦੇ ਬੱਚਿਆਂ ਲਈ ਕਰੈੱਚ ਤਿਆਰ ਕੀਤਾ ਗਿਆ ਹੈ । ਇਸ ਕਰੈੱਚ ਦਾ ਉਦਘਾਟਨ ਕਰਦਿਆਂ ਪੀ. ਡੀ. ਏ. ਦੇ ਮੁੱਖ ਮਨੀਸ਼ਾ ਰਾਣਾ ਨੇ ਦੱਸਿਆ ਕਿ ਇੱਥੇ ਸਟਾਫ ਦੇ ਛੋਟੇ ਬੱਚਿਆਂ ਦੀ ਦੇਖਭਾਲ ਕੀਤੀ ਜਾਵੇਗੀ, ਜਿਸ ਨਾਲ ਸਟਾਫ ਦੀ ਆਪਣੇ ਬੱਚਿਆਂ ਪ੍ਰਤੀ ਚਿੰਤਾ ਘਟੇਗੀ ਅਤੇ ਦਫਤਰੀ ਕੰਮ ਕਾਜ ਵਿੱਚ ਰੁਚੀ ਬਣੀ ਰਹੇਗੀ । ਇਸ ਤੋਂ ਇਲਾਵਾ ਦਫ਼ਤਰੀ ਕੰਮ-ਕਾਜ ਲਈ ਆਉਣ ਵਾਲੇ ਵਸਨੀਕਾਂ ਦੀ ਸਹੂਲਤ ਲਈ ਪੀ. ਡੀ. ਏ. ਨੇ ਸਿੰਗਲ ਵਿੰਡੋ ਸਿਸਟਮ ਅਤੇ ਲੋਕਾਂ ਦੇ ਉਡੀਕ ਖੇਤਰ ਨੂੰ ਵੀ ਅੱਪਗਰੇਡ ਕੀਤਾ ਹੈ ।ਮਨੀਸ਼਼ਾ ਰਾਣਾ ਨੇ ਦੱਸਿਆ ਕਿ ਇੱਥੇ ਲੋਕਾਂ ਦੇ ਬੈਠਣ ਲਈ ਏ. ਸੀ. ਵੇਟਿੰਗ ਹਾਲ ਸਮੇਤ ਇੱਥੇ ਟੀ. ਵੀ. ਸੈੱਟ, ਪੜ੍ਹਨ ਲਈ ਅਖਬਾਰ, ਪੀਣ ਲਈ ਚਾਹ/ਪਾਣੀ ਦਾ ਪ੍ਰਬੰਧ ਕਰਵਾਇਆ ਗਿਆ ਹੈ ਤਾਂ ਜੋ ਦਫਤਰੀ ਕੰਮ-ਕਾਜ ਲਈ ਆਉਣ ਵਾਲੀ ਪਬਲਿਕ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ । ਮੁੱਖ ਪ੍ਰਸ਼ਾਸ਼ਕ ਮਨੀਸ਼ਾ ਰਾਣਾ ਨੇ ਦੱਸਿਆ ਕਿ ਪੀ. ਡੀ. ਏ. ਵੱਲੋਂ ਪੀ. ਡੀ. ਏ./ਪੁੱਡਾ ਅਧੀਨ ਆਉਂਦੇ ਏਰੀਏ ਦੇ ਵਸਨੀਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਪਹਿਲ ਦੇ ਅਧਾਰ ਉਤੇ ਕਰਨ ਦੀ ਕਾਰਵਾਈ ਕੀਤੀ ਜਾਂਦੀ ਹੈ। ਲੋਕਾਂ ਦੀ ਸਹੂਲਤ ਲਈ ਪੀ. ਡੀ. ਏ. ਵਿਖੇ ਜਿਆਦਾਤਰ ਸੇਵਾਵਾਂ ਨੂੰ ਆਨ-ਲਾਈਨ ਕਰ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਦਾ ਕੀਮਤੀ ਸਮਾਂ ਬਚ ਸਕੇ । ਇਸ ਮੌਕੇ ਪੀ. ਡੀ. ਏ. ਦੇ ਵਧੀਕ ਮੁੱਖ ਪ੍ਰਸ਼ਾਸਕ ਜਸ਼ਨਪ੍ਰੀਤ ਕੌਰ ਗਿੱਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਜਦੋਂ ਕਿ ਸਥਾਨਕ ਵਸਨੀਕਾਂ ਅਤੇ ਪੀ. ਡੀ. ਏ. ਵਿਖੇ ਕੰਮ ਕਰਵਾਉਣ ਆਏ ਲੋਕਾਂ ਨੇ ਪੀ. ਡੀ. ਏ. ਦੀ ਇਸ ਪਹਿਲਕਦਮੀ ਦੀ ਪ੍ਰਸ਼ੰਸਾ ਕੀਤੀ ।

