July 6, 2024 00:45:17
post

Jasbeer Singh

(Chief Editor)

Patiala News

ਪਟਿਆਲਾ: ਲੋਕ ਮੁੱਦਿਆਂ ਬਾਰੇ ਉਮੀਦਵਾਰਾਂ ਦੀ ਰਾਏ ਜਾਣਨ ਲਈ ਸੰਵਾਦ ਪ੍ਰੋਗਰਾਮ

post-img

ਡੈਮੋਕ੍ਰੈਟਿਕ ਮਨਰੇਗਾ ਫਰੰਟ, ਡੈਮੋਕ੍ਰੈਟਿਕ ਮਿੱਡ-ਡੇਅ ਮੀਲ ਕੁੱਕ ਫਰੰਟ, ਆਈਡੀਪੀ ਅਤੇ ਪਿੰਡ ਬਚਾਓ ਪੰਜਾਬ ਬਚਾਓ ਵੱਲੋਂ ਸਾਂਝੀ ਸਟੇਜ ਲਗਾ ਕੇ ਹਲਕਾ ਪਟਿਆਲਾ ਦੇ ਉਮੀਦਵਾਰਾਂ ਤੋਂ ਲੋਕਾਂ ਦੇ ਬੁਨਿਆਦੀ ਮੁੱਦਿਆਂ ’ਤੇ ਉਨ੍ਹਾਂ ਦੀ ਪਾਰਟੀ ਅਤੇ ਨਿੱਜੀ ਵਿਚਾਰ ਜਾਣਨ ਲਈ ਸੰਵਾਦ ਪ੍ਰੋਗਰਾਮ ਕੀਤਾ ਗਿਆ। ਪਟਿਆਲਾ ਦੀ ਅਨਾਜ ਮੰਡੀ ਵਿੱਚ ਕਰਵਾਏ ਪ੍ਰੋਗਰਾਮ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐੱਨਕੇ ਸ਼ਰਮਾ, ਅਕਾਲੀ ਦਲ (ਅ) ਦੇ ਪ੍ਰੋ. ਮਹਿੰਦਰਪਾਲ ਸਿੰਘ ਤੇ ਜਨ ਜਨਵਾਦੀ ਪਾਰਟੀ ਦੇ ਅਮਰਜੀਤ ਸਿੰਘ ਜਾਗਦੇ ਰਹੋ ਆਦਿ ਨੇ ਹਿੱਸਾ ਲਿਆ। ਸਮਾਗਮ ਦੇ ਪ੍ਰ੍ਰਬੰਧਕਾਂ ਰਾਜ ਕੁਮਾਰ ਸਿੰਘ ਕਨਸੂਹਾ, ਹਰਜਿੰਦਰ ਕੌਰ ਲੋਪੇ, ਮਨਪ੍ਰੀਤ ਕੌਰ ਰਾਜਪੁਰਾ, ਦਰਸ਼ਨ ਸਿੰਘ ਧਨੇਠਾ ਅਤੇ ਗੁਰਮੀਤ ਸਿੰਘ ਥੂਹੀ ਦੀ ਅਗਵਾਈ ਹੇਠਾਂ ਪੁੱਜੇ ਲੋਕਾਂ ਨੇ 13 ਪ੍ਰਮੁੱਖ ਮੁੱਦਿਆਂ ’ਤੇ ਚਰਚਾ ਕੀਤੀ, ਜਿਨ੍ਹਾਂ ’ਚ ਨਸ਼ੇ, ਕਰਜ਼ਾ, ਮਗਨਰੇਗਾ ਸਮੇਤ ਹੋਰ ਮੁੱਦੇ ਵੀ ਸ਼ਾਮਲ ਰਹੇ। ਇਹ ਵੀ ਸਵਾਲ ਰਿਹਾ ਕਿ ਮਿੱਡ-ਡੇਅ ਮੀਲ, ਕੁੱਕ, ਆਂਗਣਵਾੜੀ ਤੇ ਆਸ਼ਾ ਵਰਕਰ ਆਦਿ ਖੇਤਰ ਦੀਆਂ ਔਰਤਾਂ ਅਤੇ ਮਗਨਰੇਗਾ ਕਾਮਿਆਂ ਨੂੰ ਘੱਟੋ-ਘੱਟ ਉਜਰਤ ਕਾਨੂੰਨ ਤੋਂ ਵੀ ਘੱਟ ਮਿਹਨਤਾਨਾ ਕਿਉਂ ਮਿਲਦਾ ਹੈ? ਸਿਹਤ ਦੀ ਗਾਰੰਟੀ ਦਾ ਕਾਨੂੰਨੀ ਬਣਾਉਣ ਵਿੱਚ ਦੇਰੀ ਕਿਉਂ ਹੈ? ਸਿਆਸੀ ਖੇਤਰ ਵਿੱਚ ਔਰਤਾਂ ਦੀ 33 ਫੀਸਦੀ ਹਿੱਸੇਦਾਰੀ ਲਟਕਾਈ ਕਿਉਂ ਜਾ ਰਹੀ ਹੈ? ਇਸ ਦੌਰਾਨ ਉਮੀਦਵਾਰਾਂ ਨੇ ਆਪਣੇ ਹਿਸਾਬ ਨਾਲ ਜਵਾਬ ਦਿੱਤੇ। ਮੁੱਖ ਤੌਰ ’ਤੇ ਉਨ੍ਹਾਂ ਨੇ ਮੌਕੇ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰੀ ਠਹਿਰਾਇਆ। ਇਸ ਭਰਵੀਂ ਇਕੱਤਰਤਾ ਨੂੰ ਸਿਆਸੀ ਚਿੰਤਕ ਹਮੀਰ ਸਿੰਘ, ਡਾਕਟਰ ਪਿਆਰੇ ਲਾਲ ਗਰਗ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਆਈਡੀਪੀ ਦੇ ਕੌਮੀ ਪ੍ਰਧਾਨ ਕਰਨੈਲ ਜਖੇਪਲ ਨੇ ਵੀ ਸੰਬੋਧਨ ਕੀਤਾ।

Related Post