

ਪਟਿਆਲਾ ਹੈਰੀਟੇਜ ਮੇਲਾ-2025 -ਏ. ਡੀ. ਸੀ. ਇਸ਼ਾ ਸਿੰਗਲ ਵੱਲੋਂ ਕਿਲ੍ਹਾ ਮੁਬਾਰਕ 'ਚ ਹੋਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ -15 ਸ਼ਾਮ ਨੂੰ ਕਿਲ੍ਹਾ ਮੁਬਾਰਕ 'ਚ ਸਤਿੰਦਰ ਸੱਤੀ ਵੱਲੋਂ ਰਵਾਇਤੀ ਪੰਜਾਬੀ ਪਹਿਰਾਵੇ ਦਾ ਫ਼ੈਸ਼ਨ ਸ਼ੋਅ 'ਰੰਗ ਪੰਜਾਬ ਦੇ' ਹੋਵੇਗਾ -16 ਫਰਵਰੀ ਦੀ ਸ਼ਾਮ ਨੂੰ ਕਿਲ੍ਹਾ ਮੁਬਾਰਕ 'ਚ ਵਿਸ਼ਵ ਪ੍ਰਸਿੱਧ ਸਿਤਾਰ ਵਾਦਕ ਨਿਲਾਦਰੀ ਕੁਮਾਰ ਵੱਲੋਂ ਤਬਲਾ ਵਾਦਕ ਸੱਤਿਆਜੀਤ ਤਲਵਾਲਕਰ ਦੇ ਤਬਲੇ ਨਾਲ ਸਿਤਾਰ ਵਾਦਨ -ਸਮੂਹ ਪਟਿਆਲਵੀ 'ਪਟਿਆਲਾ ਹੈਰੀਟੇਜ ਫੈਸਟੀਵਲ' ਦਾ ਆਨੰਦ ਜਰੂਰ ਮਾਣਨ, ਕੋਈ ਟਿਕਟ ਨਹੀਂ-ਇਸ਼ਾ ਸਿੰਗਲ ਪਟਿਆਲਾ, 10 ਫਰਵਰੀ : ਪਟਿਆਲਾ ਦੇ ਏ. ਡੀ. ਸੀ. (ਜ) ਇਸ਼ਾ ਸਿੰਗਲ ਨੇ ਪਟਿਆਲਾ ਹੈਰੀਟੇਜ-2025 ਦੇ ਕਿਲ੍ਹਾ ਮੁਬਾਰਕ ਪਟਿਆਲਾ ਵਿਖੇ 15 ਅਤੇ 16 ਫਰਵਰੀ ਨੂੰ ਕਰਵਾਏ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਿਲ੍ਹਾ ਮੁਬਾਰਕ ਵਿਖੇ ਨੋਡਲ ਅਫ਼ਸਰਾਂ ਨਾਲ ਇੱਕ ਬੈਠਕ ਕੀਤੀ । ਏ. ਡੀ. ਸੀ. ਇਸ਼ਾ ਸਿੰਗਲ ਨੇ ਦੱਸਿਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਪਟਿਆਲਾ ਹੈਰੀਟੇਜ ਫੈਸਟੀਵਲ-2025 ਦੇ ਵੱਖ-ਵੱਖ ਸਮਾਗਮ 13 ਫਰਵਰੀ ਤੋਂ ਸ਼ੁਰੂ ਹੋਣਗੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣ ਤਹਿਤ 16 ਫਰਵਰੀ ਤੱਕ ਇਹ ਸਮਾਗਮ ਵੱਖ-ਵੱਖ ਥਾਵਾਂ 'ਤੇ ਕਰਵਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਸ਼ਨੀਵਾਰ, 15 ਫਰਵਰੀ ਦੀ ਸ਼ਾਮ ਨੂੰ ਕਿਲ੍ਹਾ ਮੁਬਾਰਕ ਵਿਖੇ ਉਘੀ ਅਦਾਕਾਰਾ ਸਤਿੰਦਰ ਸੱਤੀ ਵੱਲੋਂ ਰਵਾਇਤੀ ਪੰਜਾਬੀ ਪਹਿਰਾਵੇ ਦੇ ਫ਼ੈਸ਼ਨ ਸ਼ੋਅ 'ਰੰਗ ਪੰਜਾਬ ਦੇ' ਦੀ ਦਿਲਕਸ਼ ਪੇਸ਼ਕਾਰੀ ਹੋਵੇਗੀ । ਇਸ ਵਿੱਚ ਫ਼ੈਸ਼ਨ ਡਿਜ਼ਾਇਨਰ ਏਲੀ ਕਿਮ ਵੱਲੋਂ ਤਿਆਰ ਕੀਤੇ ਗਏ ਪੰਜਾਬੀ ਪਹਿਰਾਵੇ ਤੇ ਗਹਿਣਿਆਂ ਦੇ ਅਮੀਰ ਵਿਰਸੇ ਦੀ ਪ੍ਰਦਰਸ਼ਨੀ ਹੋਵੇਗੀ। ਇਸ ਤੋਂ ਬਿਨ੍ਹਾਂ 16 ਫਰਵਰੀ ਦੀ ਸ਼ਾਮ 6 ਵਜੇ ਕਿਲ੍ਹਾ ਮੁਬਾਰਕ ਵਿਖੇ ਹੀ ਸ਼ਾਸ਼ਤਰੀ ਸੰਗੀਤ ਦੀ ਸ਼ਾਮ ਵਿੱਚ ਵਿਸ਼ਵ ਪ੍ਰਸਿੱਧ ਸਿਤਾਰ ਵਾਦਕ ਨਿਲਾਦਰੀ ਕੁਮਾਰ ਵੱਲੋਂ ਸਿਤਾਰ ਵਾਦਨ ਤੇ ਉਘੇ ਤਬਲਾ ਵਾਦਕ ਸੱਤਿਆਜੀਤ ਤਲਵਾਲਕਰ ਵੱਲੋਂ ਤਬਲੇ ਦੀ ਪੇਸ਼ਕਾਰੀ ਦਿੱਤੀ ਜਾਵੇਗੀ । ਇਸ਼ਾ ਸਿੰਗਲ ਨੇ ਪੰਜਾਬੀਆਂ ਤੇ ਖਾਸ ਕਰਕੇ ਪਟਿਆਲਵੀਆਂ ਨੂੰ ਸੱਦਾ ਦਿੱਤਾ ਕਿ ਉਹ 13 ਫਰਵਰੀ ਤੋਂ ਸ਼ੁਰੂ ਹੋ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਵੱਖ-ਵੱਖ ਸਮਾਗਮਾਂ ਦਾ ਲਾਜਮੀ ਹਿੱਸਾ ਬਣਕੇ ਇਨ੍ਹਾਂ ਦਾ ਆਨੰਦ ਜਰੂਰ ਮਾਨਣ । ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿੱਚ ਐਂਟਰੀ ਫ਼੍ਰੀ ਹੈ ਅਤੇ ਕੋਈ ਪਾਸ ਜਾਂ ਦਾਖਲਾ ਟਿਕਟ ਨਹੀਂ ਰੱਖੀ ਗਈ । ਇਸ ਮੌਕੇ ਐਸ. ਡੀ. ਐਮ. ਸਮਾਣਾ ਤਰਸੇਮ ਚੰਦ, ਸੀ. ਡੀ. ਪੀ. ਓ. ਸੁਪ੍ਰੀਤ ਬਾਜਵਾ, ਤਹਿਸੀਲਦਾਰ ਹਰਸਿਮਰਨ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।