
ਲੋਕ ਸਭਾ ਚੋਣਾ ਸ਼ਾਂਤੀ ਪੂਰਵਕ ਕਰਵਾਉਣ ਲਈ ਪਟਿਆਲਾ ਪੁਲਸ ਪੁਰੀ ਤਰ੍ਹਾਂ ਸੁਚੇਤ:ਐਸ.ਐਸ.ਪੀ ਵਰੁਣ ਸ਼ਰਮਾ
- by Jasbeer Singh
- April 28, 2024

ਪਟਿਆਲਾ, 28 ਅਪ੍ਰੈਲ (ਜਸਬੀਰ) :ਲੋਕ ਸਭਾ ਚੋਣਾ ਦੇ ਮੱਦੇਨਜ਼ਰ ਪਟਿਆਲਾ ਪੁਲਸ ਵੱਲੋਂ ਜਿਥੇ ਹਰ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ, ਉਥੇ ਹੀ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਨਾਕਾਬੰਦੀ ਕਰਕੇ ਚੈਕਿੰਗ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਰੋਜ਼ਾਨਾ ਹੀ ਨਾਕਾਬੰਦੀ ਕਰਕੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ। ਖੁਦ ਐਸ.ਐਸ.ਪੀ. ਹਰ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਅਤੇ ਰੋਜਾਨਾ ਸੁਰੱਖਿਆ ਪ੍ਰਬੰਧਾਂ ਦੇ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਐਸ.ਐਸ.ਪੀ .ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਸ ਲੋਕ ਸਭਾ ਚੋਣਾ ਸ਼ਾਂਤੀ ਪੂਰਵਕ ਕਰਵਾਉਣ ਦੇ ਲਈ ਪੁਰੀ ਤਰ੍ਹਾ ਸੁਚੇਤ ਹੈ। ਇਸ ਦੇ ਲਈ ਪਟਿਆਲਾ ਪੁਲਸ ਦਿਨ ਰਾਤ ਹਰ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਸ ਵੱਲੋਂ ਚੋਣਾਂ ਵਿਚ ਨਸ਼ਾ ਤਸਕਰਾਂ ਨੂੰ ਨੱਥ ਪਾਈ ਹੋਈ ਹੈ ਅਤੇ ਅਪਰਾਧਿਕ ਗਤੀਵਿਧੀ ਵਾਲਿਆਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਲਾਇਸੰਸੀ ਅਸਲਾਧਾਰਕਾ ਨੂੰ ਵੀ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਤੱਕ ਆਪਣੇ ਅਸਲੇ ਜਮ੍ਹਾਂ ਕਰਵਾ ਦੇਣ। ਐਸ.ਐਸ.ਪੀ ਨੇ ਕਿਹਾ ਕਿ ਪਟਿਆਲਾ ਪੁਲਸ ਨਿਰਪੱਖ ਅਤੇ ਸ਼ਾਂਤੀਪੂਰਵਕ ਲੋਕ ਸਭਾ ਚੋਣਾਂ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਤੇ ਵੀ ਕੋਈ ਗੈਰ-ਕਾਨੂੰਨੀ ਗਤੀਵਿਧੀ ਹੁੰਦੀ ਦੇਖਣ ਤਾਂ ਪੁਲਸ ਨੂੰ ਸੂਚਿਤ ਕਰਨ ਕਿਉਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਮੁਹਿੰਮ ਜਾਂ ਮਿਸ਼ਨ ਪੂਰਾ ਨਹੀਂ ਕੀਤਾ ਜਾ ਸਕਦਾ। ਐਸ.ਐਸ.ਪੀ. ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਸ ਨੇ ਚੌਕਸੀ ਪੂਰੀ ਵਧਾਈ ਹੋਈ ਹੈ। ਪੁਲਸ ਵਲੋਂ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ, ਰਾਤ ਨੂੰ ਨਾਈਟ ਡੋਮੀਨੇਸ਼ਨ ਵਧਾ ਦਿੱਤੀ ਗਈ ਹੈ, ਪੀ. ਸੀ. ਆਰ. ਨੂੰ ਸੁਚੇਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਸ ਦੇ ਨਾਲ-ਨਾਲ ਪੈਰਾ-ਮਿਲਟਰੀ ਫੋਰਸ ਵੀ ਪਹੁੰਚਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਨੂੰ ਚੋਣਾਂ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਨਸ਼ੇ ਦੀ ਵਰਤੋਂ ਨਹੀਂ ਕਰਨੀ ਦਿੱਤੀ ਜਾਵੇਗੀ, ਇਸ ਦੇ ਲਈ ਪੁਲਸ ਨੇ ਪਹਿਲਾਂ ਹੀ ਆਪਣੀ ਇੰਟੈਲੀਜੈਂਸ, ਸੀ. ਆਈ. ਡੀ. ਆਦਿ ਵਿੰਗਜ਼ ਨੂੰ ਸੁਚੇਤ ਕੀਤਾ ਹੋਇਆ ਹੈ। ਐਸ. ਐਸ. ਪੀ. ਵਰੁਣ ਸ਼ਰਮਾ ਨੇ ਕਿਹਾ ਕਿ ਫਲੈਗ ਮਾਰਚ ਦਾ ਮਤਲਬ ਲੋਕਾਂ ’ਚ ਵਿਸ਼ਵਾਸ ਪੈਦਾ ਕਰਨਾ ਹੈ ਤਾਂ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਨਿਡਰ ਹੋ ਕੇ ਕਰ ਸਕਣ। ਉਨ੍ਹਾਂ ਕਿਹਾ ਕਿ ਇਸਦੇ ਲਈ ਪਟਿਆਲਾ ਪੁਲਸ ਲਗਾਤਾਰ ਫਲੈਗ ਮਾਰਚ, ਸਰਚ ਅਪ੍ਰੇਸ਼ਨ ਚਲਾ ਰਹੀ ਹੈ ਤਾਂ ਕਿ ਕੋਈ ਵੀ ਗੈਰ ਸਮਾਜਿਕ ਅਨਸਰ ਆਪਣੇ ਮਨਸੂਬੇ ’ਚ ਸਫਲ ਨਾ ਹੋ ਸਕੇ।