
ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, ਔਰਤ ਨਸ਼ਾ ਤਸਕਰ ਵੱਲੋਂ ਨਸ਼ੇ ਵੇਚਕੇ ਬਣਾਏ ਘਰ ਨੂੰ ਢਾਹਿਆ
- by Jasbeer Singh
- February 27, 2025

ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, ਔਰਤ ਨਸ਼ਾ ਤਸਕਰ ਵੱਲੋਂ ਨਸ਼ੇ ਵੇਚਕੇ ਬਣਾਏ ਘਰ ਨੂੰ ਢਾਹਿਆ -ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਰਹੇਗੀ ਜਾਰੀ-ਡਾ. ਨਾਨਕ ਸਿੰਘ -ਨਸ਼ਾ ਤਸਕਰੀ ਨਾਲ 2016 ਤੋਂ ਜੁੜੀ ਰਿੰਕੀ ਵੱਲੋਂ ਮੰਦਿਰ ਦੀ ਜਮੀਨ 'ਤੇ ਨਜ਼ਾਇਜ਼ ਕਬਜ਼ਾ ਕਰਕੇ ਰੋੜੀ ਕੁੱਟ ਮੁਹੱਲੇ 'ਚ ਬਣਾਇਆ ਗਿਆ ਸੀ ਘਰ ਪਟਿਆਲਾ, 27 ਫਰਵਰੀ : ਪਟਿਆਲਾ ਪੁਲਿਸ ਨੇ ਅੱਜ ਨਸ਼ਾ ਤਸਕਰਾਂ ਵਿਰੁੱਧ ਇੱਕ ਨਿਵੇਕਲੀ ਤੇ ਵੱਡੀ ਕਾਰਵਾਈ ਕਰਦਿਆਂ ਇੱਥੇ ਰੋੜੀ ਕੁੱਟ ਮੁਹੱਲਾ ਵਿਖੇ ਔਰਤ ਨਸ਼ਾ ਤਸਕਰ ਰਿੰਕੀ ਪਤਨੀ ਲੇਟ ਬਲਬੀਰ ਸਿੰਘ ਵੱਲੋਂ ਨਸ਼ੇ ਵੇਚਕੇ ਬਣਾਏ ਗਏ ਦੋ-ਮੰਜ਼ਿਲਾ ਘਰ ਨੂੰ ਜੇ. ਸੀ. ਬੀ. ਮਸ਼ੀਨਾਂ ਦੀ ਮਦਦ ਨਾਲ ਅੱਜ ਸ਼ਾਮ ਢਾਹ ਦਿੱਤਾ ਹੈ । ਨਸ਼ਾ ਤਸਕਰੀ ਵਿਰੁੱਧ ਸਖ਼ਤ ਸੁਨੇਹਾ ਦਿੰਦਿਆਂ ਪਟਿਆਲਾ ਪੁਲਿਸ ਦੀ ਇਸ ਕਾਰਵਾਈ ਦੀ ਨਿਗਰਾਨੀ ਐਸ. ਐਸ. ਪੀ. ਡਾ. ਨਾਨਕ ਸਿੰਘ ਨੇ ਖ਼ੁਦ ਮੌਕੇ 'ਤੇ ਖੜ੍ਹਕੇ ਕੀਤੀ। ਐਸ. ਐਸ. ਪੀ. ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਤੇ ਡੀ. ਜੀ. ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਨਸ਼ਿਆਂ ਦੇ ਕਾਲੇ ਕਾਰੋਬਾਰ ਵਿੱਚ ਲੱਗੇ ਮਾੜੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ । ਡਾ. ਨਾਨਕ ਸਿੰਘ ਨੇ ਦੱਸਿਆ ਕਿ ਰਿੰਕੀ ਵਿਰੁੱਧ 2016 ਤੋਂ ਹੁਣ ਤੱਕ ਕਰੀਬ 10 ਦੇ ਕਰੀਬ ਮਾਮਲੇ ਐਨ. ਡੀ. ਪੀ. ਐਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਹਨ। ਇਸ ਔਰਤ ਨੇ ਗ਼ੈਰ ਕਾਨੂੰਨੀ ਤੌਰ 'ਤੇ ਇਹ ਘਰ ਪ੍ਰਾਚੀਨ ਵਾਮਨ ਅਵਤਾਰ ਮੰਦਿਰ ਦੀ ਜਮੀਨ ਉਪਰ ਨਾਜਾਇਜ਼ ਕਬਜ਼ਾ ਕਰਕੇ ਉਸਾਰਿਆ ਸੀ, ਜਿਸ ਨੂੰ ਢਾਹੁਣ ਦੇ ਹੁਕਮ ਹੋਏ ਹਨ, ਇਸ ਲਈ ਪਟਿਆਲਾ ਪੁਲਿਸ ਨੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪੁਲਿਸ ਦੀ ਨਿਗਰਾਨੀ ਹੇਠ ਇਸ ਘਰ ਨੂੰ ਅੱਜ ਸ਼ਾਮ ਢੁਹਾ ਦਿੱਤਾ ਹੈ । ਐਸ. ਐਸ. ਪੀ. ਨੇ ਦੱਸਿਆ ਕਿ ਮੁਹੱਲਾ ਰੋੜੀ ਕੁੱਟ 'ਚ ਨਸ਼ਾ ਤਸਕਰੀ ਦੀਆਂ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਇਸ ਘਰ ਦੀ ਮਾਲਕਣ ਰਿੰਕੀ ਵੀ ਨਸ਼ਾ ਤਸਕਰੀ 'ਚ ਸ਼ਾਮਲ ਹੈ, ਜਿਸ ਵੱਲੋਂ ਨਸ਼ਾ ਤਸਕਰੀ ਰਾਹੀਂ ਕਮਾਏ ਪੈਸੇ ਨਾਲ ਹੀ ਇਹ ਘਰ ਨਜਾਇਜ਼ ਤੌਰ 'ਤੇ ਬਣਾਇਆ ਗਿਆ ਸੀ । ਡਾ. ਨਾਨਕ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਇਹ ਔਰਤ ਰਿੰਕੀ ਪਹਿਲਾਂ ਵੀ 10 ਵਾਰ ਪੁਲਿਸ ਗ੍ਰਿਫ਼ਤ 'ਚ ਆ ਚੁੱਕੀ ਹੈ ਪ੍ਰੰਤੂ ਅਜੇ ਫਰਾਰ ਹੈ ਜਿਸ ਨੂੰ ਕਿ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰੀ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ 'ਤੇ ਚਲਦਿਆਂ ਪਟਿਆਲਾ ਪੁਲਿਸ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਵੇਗੀ । ਇਸ ਮੌਕੇ ਐਸ. ਪੀ. ਵੈਭਵ ਚੌਧਰੀ, ਬਤੌਰ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਮਨਦੀਪ ਸਿੰਘ, ਡੀ. ਐਸ. ਪੀ. ਸਿਟੀ-1 ਸਤਨਾਮ ਸਿੰਘ ਸੰਧੂ, ਡੀ. ਐਸ. ਪੀ. ਮਨੋਜ ਗੋਰਸੀ, ਡੀ. ਐਸ. ਪੀ. ਮਨਦੀਪ ਕੌਰ, ਡੀ. ਐਸ. ਪੀ. ਸਾਇਬਰ ਕ੍ਰਾਇਮ ਆਸਵੰਤ ਸਿੰਘ ਧਾਲੀਵਾਲ, ਇੰਚਾਰਜ ਕੋਤਵਾਲੀ ਡੀ. ਐਸ. ਪੀ. (ਪ੍ਰੋਬੇਸ਼ਨਰ) ਰਸ਼ਵਿੰਦਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਅਤੇ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.