
ਲੋਕਾਂ ਨੇ ਸ਼ਹਿਰਾਂ ਤੇ ਕਸਬਿਆਂ 'ਚ ਰਾਤ ਸਮੇਂ ਦੀ ਸਫ਼ਾਈ ਦੀ ਕੀਤੀ ਸ਼ਾਲਾਘਾ
- by Jasbeer Singh
- December 5, 2024

ਲੋਕਾਂ ਨੇ ਸ਼ਹਿਰਾਂ ਤੇ ਕਸਬਿਆਂ 'ਚ ਰਾਤ ਸਮੇਂ ਦੀ ਸਫ਼ਾਈ ਦੀ ਕੀਤੀ ਸ਼ਾਲਾਘਾ -ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਰੀਬ 800 ਸਫ਼ਾਈ ਸੇਵਕ ਰੋਜ਼ਾਨਾ ਕਰਦੇ ਨੇ ਸੜਕਾਂ ਦੀ ਰਾਤ ਸਮੇਂ ਸਫ਼ਾਈ-ਨਵਰੀਤ ਕੌਰ ਸੇਖੋਂ ਪਟਿਆਲਾ, 5 ਦਸੰਬਰ : ਪਟਿਆਲਾ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਸਫ਼ਾਈ ਸੇਵਕਾਂ ਵੱਲੋਂ ਰਾਤ ਸਮੇਂ ਕੀਤੀ ਜਾ ਰਹੀ ਸਫ਼ਾਈ ਦੀ ਸਥਾਨਕ ਵਸਨੀਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ । ਸਥਾਨਕ ਕਾਰਜ ਸਾਧਕ ਅਫ਼ਸਰਾਂ ਨੂੰ ਲੋਕਾਂ ਤੇ ਬਾਜ਼ਾਰਾਂ ਦੀਆਂ ਐਸੋਸੀਏਸ਼ਨਾਂ ਨੇ ਫੀਡਬੈਕ ਸਾਂਝੀ ਕਰਦਿਆਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਹੈ । ਲੋਕਾਂ ਦੀ ਮੰਗ ਹੈ ਕਿ ਇਹ ਸਫ਼ਾਈ ਮੁਹਿੰਮ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ, ਇਸ 'ਤੇ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਰਾਜਪੁਰਾ, ਨਾਭਾ, ਸਮਾਣਾ ਤਿੰਨੋਂ ਨਗਰ ਕੌਂਸਲਾਂ 'ਚ 600 ਸਫ਼ਾਈ ਸੇਵਕਾਂ ਸਮੇਤ ਭਾਦਸੋਂ, ਸਨੌਰ, ਦੇਵੀਗੜ੍ਹ ਤੇ ਘੱਗਾ ਦੇ 200 ਸਫ਼ਾਈ ਸੇਵਕ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ । ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ, ਕਿਉਂਕਿ ਇਸ ਨਾਲ ਜਿੱਥੇ ਦਿਨ ਸਮੇਂ ਧੂੜ ਆਦਿ ਨਹੀਂ ਉਡਦੀ ਉਥੇ ਹੀ ਕੌਮੀ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਵੀ ਪਾਲਣਾ ਹੁੰਦੀ ਹੈ । ਉਨ੍ਹਾਂ ਕਿਹਾ ਕਿ ਸਫ਼ਾਈ ਦੇ ਨਾਲ-ਨਾਲ ਲੋੜ ਮੁਤਾਬਕ ਫਾਗਿੰਗ ਵੀ ਕੀਤੀ ਜਾਂਦੀ ਹੈ । ਏ. ਡੀ. ਸੀ. ਸੇਖੋਂ ਨੇ ਦੱਸਿਆ ਕਿ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਸਫ਼ਾਈ ਸੇਵਕ ਮੇਨ ਬਾਜ਼ਾਰਾਂ ਤੇ ਮੁੱਖ ਸੜਕਾਂ 'ਤੇ ਸਫ਼ਾਈ ਰਾਤ ਬਾਰਾਂ ਵਜੇ ਤੱਕ ਨਿਬੇੜ ਦਿੰਦੇ ਹਨ। ਇਸ ਨਾਲ ਜਿੱਥੇ ਬਾਜ਼ਾਰਾਂ ਦਾ ਕੂੜਾ ਕਰਕਟ ਸਾਫ਼ ਹੋ ਜਾਂਦਾ ਹੈ, ਉਥੇ ਹੀ ਕੂੜੇ ਦੇ ਢੇਰ ਚੁੱਕੇ ਜਾਂਦੇ ਹਨ । ਉਨ੍ਹਾਂ ਅੱਗੇ ਕਿਹਾ ਕਿ ਸਵੇਰੇ ਸਮੇਂ ਵੀ ਦੁਪਹਿਰ ਤੋਂ ਪਹਿਲਾਂ ਇਕ ਵਾਰ ਬਾਜ਼ਾਰਾਂ ਦੀ ਸਫ਼ਾਈ ਪਹਿਲਾਂ ਵਾਗ ਹੀ ਕੀਤੀ ਜਾਵੇਗੀ ।