
ਨਸ਼ਾ ਮੁਕਤ ਭਾਰਤ ਲਈ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਯੋਜਨਾਵਾਂ ‘ਤੇ ਚਰਚਾ
- by Jasbeer Singh
- May 20, 2025

ਨਸ਼ਾ ਮੁਕਤ ਭਾਰਤ ਲਈ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਯੋਜਨਾਵਾਂ ‘ਤੇ ਚਰਚਾ ਪਟਿਆਲਾ 20 ਮਈ : ਨਸ਼ਾ ਮੁਕਤ ਭਾਰਤ ਅਭਿਆਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਅੱਜ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਦੀ ਅਗਵਾਈ ਵਿੱਚ ਸਮਾਜਿਕ ਸੁਰੱਖਿਆ ਅਫਸਰ ਜੋਬਨਦੀਪ ਕੌਰ ਨੇ ਜ਼ਿਲ੍ਹਾ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ । ਮੀਟਿੰਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ, ਪੁਲਿਸ ਵਿਭਾਗ, ਸਿਖਿਆ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਯਤਨਾਂ, ਪ੍ਰਾਪਤ ਕੀਤੇ ਨਤੀਜਿਆਂ ਅਤੇ ਅੱਗੇ ਲਈ ਤਜ਼ਵੀਜ਼ ਕੀਤੇ ਕਦਮਾਂ ਤੇ ਚਰਚਾ ਕੀਤੀ ਗਈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਮੁਕਤ ਭਵਿੱਖ ਵੱਲ ਵੱਧ ਰਹੀ ਹੈ ਅਤੇ ਇਸ ਮੁਹਿੰਮ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਲਈ ਸਮੂਹ ਵਿਭਾਗਾਂ ਦੀ ਸਾਂਝ ਬਹੁਤ ਜਰੂਰੀ ਹੈ । ਉਹਨਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ਼ ਲੜਾਈ ਜਾਰੀ ਰਹੇਗੀ । ਸਮਾਜਿਕ ਸੁਰੱਖਿਆ ਅਫਸਰ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ ਇਕ ਵਿਅਕਤੀ ਜਾਂ ਪਰਿਵਾਰ ਦੀ ਨਹੀ, ਸਗੋਂ ਪੂਰੇ ਸਮਾਜ ਦੀ ਸਮੱਸਿਆ ਹੈ । ਉਹਨਾਂ ਕਿਹਾ ਕਿ ਹਰੇਕ ਵਿਭਾਗ, ਸਮਾਜਿਕ ਸੰਗਠਨ ਅਤੇ ਆਮ ਲੋਕ ਮਿਲ ਕੇ ਹੀ ਇਸ ਨੂੰ ਖ਼ਤਮ ਕਰ ਸਕਦੇ ਹਨ । ਉਹਨਾਂ ਕਿਹਾ ਕਿ ਪਿੰਡ ਪੱਧਰ ‘ਤੇ ਨਸ਼ਾ ਮੁਕਤੀ ਕਮੇਟੀਆਂ ਨੂੰ ਹੋਰ ਸਰਗਰਮ ਕੀਤਾ ਜਾਵੇ ਅਤੇ ਸਰਕਾਰੀ ਸਕੂਲਾਂ, ਕਾਲਜਾਂ ਵਿੱਚ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਜਾਣ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਜਾਣ ਅਤੇ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ । ਸਮਾਜਿਕ ਸਰੁੱਖਿਆ ਅਫਸਰ ਨੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਸਕੂਲਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣ ਅਤੇ ਸਰਕਾਰੀ ਸਕੂਲਾਂ ਦੇ ਨਾਲ ਨਾਲ ਪ੍ਰਾਈਵੇਟ ਸਕੂਲਾਂ ਦਾ ਵੀ 100 ਮੀਟਰ ਦੇ ਦਾਇਰੇ ਨੂੰ ਤੰਬਾਕੂ ਰਹਿਤ ਘੋਸ਼ਿਤ ਕਰਕੇ ਉਥੇ ਕੜੀ ਨਿਗਰਾਨ ਰੱਖੀ ਜਾਵੇ । ਉਹਨਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਨਸ਼ਾ ਵਿਰੋਧੀ ਲੈਕਚਰ, ਕੈਂਪ, ਪੇਟਿੰਗ ਮੁਕਾਬਲੇ ਅਤੇ ਸਲੋਗਨ ਲਿਖਣ ਦੀਆਂ ਗਤੀਵਿਧੀਆਂ ਕਰਵਾਈਆਂ ਜਾਣ । ਉਹਨਾਂ ਜ਼ੋਨਲ ਲਾਈਸੈਂਸਿੰਗ ਅਥਾਰਟੀ ਅਤੇ ਡਰੱਗ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕੈਮਿਸਟਾਂ ਦੀ ਦੁਕਾਨਾਂ ਦੀ ਰੈਗੂਲਰ ਚੈਕਿੰਗ ਕਰਨ । ਉਹਨਾਂ ਕਿਹਾ ਕਿ ਕੈਮਿਸਟ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਨਿਯਮਾਂ ਦੀ ਪਾਲਣਾ ਬਾਰੇ ਜਾਗਰੂਕ ਕੀਤਾ ਜਾਵੇ । ਮੀਟਿੰਗ ਦੌਰਾਨ ਪੁਲਿਸ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਹਾਲੀਆ ਮਹੀਨਿਆਂ ਵਿੱਚ ਨਸ਼ਾ ਤਸਕਰੀ ਵਿਰੁੱਧ ਚਲਾਏ ਗਏ ਅਭਿਆਨਾਂ ਦੇ ਨਤੀਜੇ ਵੱਜੋਂ ਕਈ ਨਸ਼ਾ ਵਿਕਰੇਤਾ ਗ੍ਰਿਫਤਾਰ ਹੋਏ ਹਨ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੀ ਗਏ ਹਨ । ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਡੀ-ਅਡੀਕਸ਼ਨ ਸੈਂਟਰ ਅਤੇ ਰੀਹੈਬ ਸੈਟਰਾਂ ਦੀ ਕਾਰਗੁਜ਼ਾਰੀ , ਓਟ ਕਲੀਨਿਕਾਂ ਵਿੱਚ ਮਰੀਜਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਦੀ ਕੁਆਂਟਿਟੀ ਅਤੇ ਨਸ਼ਾ ਛੱਡ ਚੁੱਕੇ ਮਰੀਜਾਂ ਦੀ ਤਾਜਾ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ । ਜ਼ਿਲ੍ਹਾ ਰੋਜ਼ਗਾਰ ਅਫਸਰ ਵੱਲੋਂ ਨਸ਼ਾ ਛੱਡ ਚੁੱਕੇ ਮਰੀਜਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਏ ਗਏ ਉਪਰਾਲਿਆ ਸਬੰਧੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਰਿਟਾਇਰਡ ਪੀ.ਸੀ.ਐਸ. ਸ੍ਰੀ ਪ੍ਰੀਤਮ ਸਿੰਘ ਜੋਹਲ , ਰਿਟਾਇਰਡ ਪੀ.ਸੀ.ਐਸ. ਸ੍ਰੀਮਤੀ ਸੁਰਿੰਦਰ ਕੌਰ ਰੀਆੜ, ਐਨ.ਜੀ.ਓ. ਮੈਂਬਰ ਯੂਥ ਫੈਡਰੇਸ਼ਨ ਆਫ ਇੰਡੀਆ ਮੈਂਬਰ ਨਸ਼ਾ ਮੁਕਤ ਭਾਰਤ ਪਰਮਿੰਦਰ ਭਲਵਾਨ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ ।