
ਲੋਕ ਸਭਾ ਚੋਣਾਂ ’ਚ ਭਾਜਪਾ ਤੇ ‘ਆਪ’ ਨੂੰ ਕਾਂਗਰਸ ਦੇਵੇਗੀ ਮੂੰਹਤੋੜ ਜਵਾਬ : ਮੋਹਿਤ ਮਹਿੰਦਰਾ
- by Jasbeer Singh
- March 28, 2024

ਪਟਿਆਲਾ, 28 ਮਾਰਚ (ਜਸਬੀਰ)-ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚਾਰਧਾਰਾ ’ਤੇ ਆਧਾਰਿਤ ਪਾਰਟੀ ਹੈ ਜਿਸ ਦਾ ਸ਼ਾਨਦਾਰ ਅਤੀਤ ਹੈ। ਇਸ ਪਾਰਟੀ ਨੇ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਅਤੇ ਆਜ਼ਾਦੀ ਤੋਂ ਬਾਅਦ ਭਾਰਤ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾ ਰਹੀ ਹੈ। ਕਾਂਗਰਸ ਦੇਸ਼ ਦੀ ਆਤਮਾ ਵਿਚ ਵਸਦੀ ਹੈ। ਕੋਈ ਵੀ ਤਾਕਤ ਕਾਂਗਰਸ ਨੂੰ ਖਤਮ ਨਹੀਂ ਕਰ ਸਕਦੀ। ਕਾਂਗਰਸ ’ਤੇ ਕਈ ਵਾਰ ਸੰਕਟ ਆਏ ਪਰ ਪਾਰਟੀ ਫਿਰ ਖੜ੍ਹੀ ਹੋਈ ਅਤੇ ਉਸ ਨੇ ਦੇਸ਼ ਪ੍ਰਤੀ ਆਪਣੇ ਫਰਜ਼ ਨਿਭਾਏ। ਮੋਹਿਤ ਮਹਿੰਦਰਾ ਇਥੇ ਬਲਾਕ ਕਾਂਗਰਸ ਕਮੇਟੀ ਆਲੋਵਾਲ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਵਰਕਰਾਂ ਨੂੰ ਸੰਬੋਧਨ ਕਰਦਿਆਂ ਮੋਹਿਤ ਮਹਿੰਦਰਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਭਾਜਪਾ ਅਤੇ ‘ਆਪ’ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ। ਪਾਰਟੀ ਕਾਡਰ ਨੂੰ ਫਿਰਕੂ ਤਾਕਤਾਂ ਵਿਰੁੱਧ ਫੈਸਲਾਕੁੰਨ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਹੈ ਜੋ ਇਸ ਦੇਸ ਨੂੰ ਬਰਬਾਦ ਕਰ ਰਹੀਆਂ ਹਨ। ਦੇਸ ਨੂੰ ਭਾਜਪਾ ਦੇ ਨਾਲ-ਨਾਲ ਇਸ ਦੀ ਬੀ ਟੀਮ ‘ਆਪ’ ਦੇ ਚੁੰਗਲ ਤੋਂ ਮੁਕਤ ਕਰਨਾ ਹੋਵੇਗਾ। ਜਿਸ ਤਰ੍ਹਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਸਰਾਬ ਘੁਟਾਲੇ ਲਈ ਸਲਾਖਾਂ ਪਿੱਛੇ ਹਨ, ਉਸੇ ਤਰ੍ਹਾਂ ਚੋਣ ਬਾਂਡ ਫੰਡਿੰਗ ਦੇ ਸਭ ਤੋਂ ਵੱਡੇ ਘੁਟਾਲੇ ਲਈ ਭਾਜਪਾ ਆਗੂਆਂ ਨੂੰ ਵੀ ਸਲਾਖਾਂ ਪਿੱਛੇ ਡੱਕਿਆ ਜਾਣਾ ਚਾਹੀਦਾ ਹੈ। ਇਹ ਭਾਰਤ ਦਾ ਹੀ ਨਹੀਂ ਸਗੋਂ ਦੁਨੀਆ ਦਾ ਸਭ ਤੋਂ ਵੱਡਾ ਘੁਟਾਲਾ ਹੋਵੇਗਾ। ਮੋਹਿਤ ਮਹਿੰਦਰਾ ਨੇ ਪਾਰਟੀ ਕੇਡਰ ਨੂੰ ਕਿਹਾ ਕਿ ਉਹ ਪੰਜਾਬ ਵਿੱਚ ਲਗਾਤਾਰ ਕਾਂਗਰਸ ਸਰਕਾਰਾਂ ਵੱਲੋਂ ਕੀਤੇ ਕੰਮਾਂ ਨੂੰ ਘਰ ਘਰ ਪਹੁੰਚਾਉਣ, ਦੱਸਣ ਕਿ ਭਾਜਪਾ ਅਤੇ ਉਸ ਦੀ ਟੀਮ ਬੀ ‘ਆਪ’ ਲੋਕਾਂ ਦਾ ਪੈਸਾ ਕਿਵੇਂ ਲੁੱਟ ਰਹੀ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਸੀਨੀਅਰ ਨੇਤਾਵਾਂ ਦੀ ਪਾਰਟੀ ਤੋਂ ਕਿਨਾਰਾ ਕਰਨ ਦੇ ਮੁੱਦੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੀਨੀਅਰ ਨੇਤਾ ਪਾਰਟੀ ਤੋਂ ਦੂਰ ਹੁੰਦੇ ਜਾ ਰਹੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸਭ ਕੁਝ ਦਿੱਤਾ, ਇੱਥੋਂ ਤੱਕ ਕਿ ਉਨ੍ਹਾਂ ਨੂੰ ਨੇਤਾ ਬਣਾ ਦਿੱਤਾ। ਜੇਕਰ ਪਾਰਟੀ ਆਰਾਮਦਾਇਕ ਸਥਿਤੀ ਵਿੱਚ ਨਹੀਂ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਪਾਰਟੀ ਛੱਡ ਕੇ ਅੱਗੇ ਵਧੋ। ਇਹ ਪਿੱਠ ਛੁਰਾ ਹੈ। ਫਿਰ ਵੀ ਅਸੀਂ ਖੁਸਕਿਸਮਤ ਹਾਂ ਕਿ ਸਾਰੀਆਂ ਪਾਰਟੀਆਂ ਵਿਚ ਹਰ ਥਾਂ ਕਾਂਗਰਸੀ ਆਗੂ ਨਜਰ ਆਉਂਦੇ ਹਨ। ਇਹ ਦਰਸਾਉਂਦਾ ਹੈ ਕਿ ਮਾਂ ਪਾਰਟੀ ਕਾਂਗਰਸ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੀਰ ਢੀਂਡਸਾ ਬਲਾਕ ਪ੍ਰਧਾਨ ਆਲੋਵਾਲ, ਸੁੱਚਾ ਸਿੰਘ ਲੰਗ ਮੰਡਲ ਪ੍ਰਧਾਨ ਸਿੱਧੂਵਾਲ, ਭਜਨ ਸਿੰਘ ਸਿੰਬਰੋ ਮੰਡਲ ਪ੍ਰਧਾਨ ਦੰਦਰਾਲਾ ਖਰੌੜ, ਸੁਖਚੈਨ ਸਿੰਘ ਮੰਡਲ ਪ੍ਰਧਾਨ ਲੁਬਾਣਾ, ਨਵੀਨ ਰਾਵਤ ਮੰਡਲ ਪ੍ਰਧਾਨ ਵਿਕਾਸ ਨਗਰ, ਗੁਰਸੇਵਕ ਸਿੰਘ ਸੋਨੀ ਕਲਵਾ ਮੰਡਲ ਫੱਗਣਗੜ੍ਹ ਆਦਿ ਹਾਜ਼ਰ ਸਨ।