July 6, 2024 00:55:48
post

Jasbeer Singh

(Chief Editor)

Patiala News

ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਡਾ. ਗਾਂਧੀ ਨੂੰ ਮਿਲੇ ਸ਼ੁਤਰਾਣਾ ਤੋਂ ਲੈ ਕੇ ਡੇਰਾਬਸੀ ਤੱਕ ਦੇ ਕਾਂਗਰਸੀ ਆਗੂ

post-img

ਪਟਿਆਲਾ, 3 ਅਪ੍ਰੈਲ (ਜਸਬੀਰ)-2014 ਦੀਆਂ ਲੋਕ ਸਭਾ ਚੋਣਾਂ ਵਿਚ ਪਟਿਆਲਾ ਲੋਕ ਸਭਾ ਹਲਕੇ ਤੋਂ ਪ੍ਰਨੀਤ ਕੌਰ ਨੂੰ ਹਰਾਉਣ ਵਾਲੇ ਸਾਬਕਾ ਐਮ. ਪੀ. ਡਾ. ਧਰਮਵੀਰ ਗਾਂਧੀ ਦੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਪਟਿਆਲਾ ਲੋਕ ਸਭਾ ਹਲਕੇ ਦੇ ਕਾਂਗਰਸੀਆਂ ਦਾ ਉਨ੍ਹਾਂ ਨੂੰ ਵੱਡਾ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਬੁੱਧਵਾਰ ਨੂੰ ਲੋਕ ਸਭਾ ਹਲਕੇ ਦੇ ਸ਼ੁਤਰਾਣਾ ਤੋਂ ਲੈ ਕੇ ਡੇਰਾਬਸੀ ਤੱਕ ਦੇ ਕਾਂਗਰਸੀ ਆਗੂ ਅਤੇ ਵਰਕਰ ਡਾ. ਧਰਮਵੀਰ ਗਾਂਧੀ ਨੂੰ ਮਿਲੇ ਅਤੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਅਤੇ ਸਨਮਾਨ ਕੀਤਾ। ਕਾਂਗਰਸੀ ਆਗੂਆਂ ਨੇ ਡਾ. ਗਾਂਧੀ ਨੂੰ ਗੁਲਦਸਤਾ ਦੇ ਕੇ ਕਾਂਗਰਸ ਵਿਚ ਸ਼ਾਮਲ ਹੋਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਡਾ. ਗਾਂਧੀ ਨੂੰ ਮਿਲਣ ਵਾਲਿਆਂ ਵਿਚ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ, ਹਲਕਾ ਸਨੌਰ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ, ਹਲਕਾ ਡੇਰਾਬਸੀ ਦੇ ਕਾਂਗਰਸੀ ਇੰਚਾਰਜ ਅਤੇ ਸਾਬਕਾ ਚੇਅਰਮੈਨ ਦਪਿੰਦਰ ਸਿੰਘ ਢਿੱਲੋਂ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਰਹੇ ਸੰਤੋਖ ਸਿੰਘ, ਹਲਕਾ ਸ਼ੁਤਰਾਣਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਦਰਬਾਰਾ ਸਿੰਘ, ਬਲਾਕ ਸੰਮਤੀ ਸਨੌਰ ਦੇ ਸਾਬਕਾ ਚੇਅਰਮੈਨ ਅਸ਼ਵਨੀ ਕੁਮਾਰ ਬੱਤਾ, ਜੋਗਿੰਦਰ ਸਿੰਘ ਕਾਕੜਾ, ਨਰੇਸ਼ ਗੋਇਲ ਬੱਬੀ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ, ਬਲਾਕ ਪ੍ਰਧਾਨ ਅਤੇ ਟਕਸਾਲੀ ਕਾਂਗਰਸੀ ਸ਼ਾਮਲ ਸਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਡਾ. ਧਰਮਵੀਰ ਗਾਂਧੀ ਕਾਂਗਰਸੀ ਵਿਚਾਰਧਾਰਾ ਦੇ ਹਮੇਸ਼ਾ ਹੀ ਸਮਰਥਕ ਰਹੇ ਹਨ। ਬਤੌਰ ਐਮ. ਪੀ. ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ, ਜਿਸ ਕਰਕੇ ਪਟਿਆਲਾ ਲੋਕ ਸਭਾ ਹਲਕੇ ਵਿਚ ਉਨ੍ਹਾਂ ਦਾ ਬਹੁਤ ਵੱਡਾ ਆਧਾਰ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖੜਗੇ, ਕੌਮੀ ਲੀਡਰ ਸੋਨੀਆ ਗਾਂਧੀ, ਰਾਹੁਲ ਗਾਂਧੀ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਸਮੁੱਚੀ ਕਾਂਗਰਸੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ ਹੈ। ਕਾਂਗਰਸੀ ਆਗੂ ਅਤੇ ਵਰਕਰ ਪਾਰਟੀ ਦਾ ਹਰ ਫੈਸਲਾ ਮੰਨਦੇ ਹੋਏ ਡਾ. ਧਰਮਵੀਰ ਗਾਂਧੀ ਨੂੰ ਪੂਰਾ ਸਹਿਯੋਗ ਦੇਣਗੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ ਹਮੇਸ਼ਾ ਹੀ ਪਾਰਟੀ ਹਾਈਕਮਾਂਡ ਦਾ ਫੈਸਲਾ ਮੰਨਦੇ ਹਨ ਅਤੇ ਪਾਰਟੀ ਹਾਈਕਮਾਂਡ ਦਾ ਹੁਕਮ ਉਨ੍ਹਾਂ ਲਈ ਸੁਪਰੀਮ ਹੈ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਸੈਂਕੜੇ ਦੀ ਗਿਣਤੀ ਵਿਚ ਪਟਿਆਲਾ ਲੋਕ ਸਭਾ ਹਲਕੇ ਵਿਚ ਪੈਂਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਆਗੂਆਂ ਤੇ ਵਰਕਰਾਂ ਨੇ ਡਾ. ਗਾਂਧੀ ਦਾ ਸਨਮਾਨ ਕੀਤਾ। ਇਸ ਮੌਕੇ ਸਮੁੱਚੇ ਆਗੂਆਂ ਨੇ ਕਿਹਾ ਕਿ ਹਰ ਕਾਂਗਰਸੀ ਵਰਕਰ ਡਾ. ਗਾਂਧੀ ਨੂੰ ਪੂਰਾ ਸਹਿਯੋਗ ਦਵੇਗਾ। ਉਨ੍ਹਾਂ ਕਿਹਾ ਕਿ ਲੋਕ ਸਭਾ ਦੀਆਂ ਟਿਕਟਾਂ ਕਿਸ ਨੂੰ ਦੇਣੀਆਂ ਹਨ ਇਹ ਪਾਰਟੀ ਹਾਈਕਮਾਂਡ ਨੇ ਫੈਸਲਾ ਕਰਨਾ ਹੈ। ਡਾ. ਧਰਮਵੀਰ ਗਾਂਧੀ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਏ ਸਨ ਅਤੇ ਉਹ ਲੰਬਾ ਸਮਾਂ ਰਾਹੁਲ ਗਾਂਧੀ ਨਾਲ ਯਾਤਰਾ ਵਿਚ ਰਹੇ। ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਦੀ ਚੋਣ ਦੇਸ਼, ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀ ਚੋਣ ਹੈ। ਕਾਂਗਰਸ ਪਾਰਟੀ ਨੇ ਦੇਸ਼ ਹਿੱਤ ਵਿਚ ਫੈਸਲਾ ਲੈਂਦੇ ਹੋਏ ਇੰਡੀਆ ਗਠਜੋੜ ਬਣਾਇਆ ਹੈ। ਦੇਸ਼ ਭਰ ਵਿਚ ਇੰਡੀਆ ਗਠਜੋੜ ਨੂੰ ਵੱਡਾ ਜਨ ਸਮਰਥਨ ਮਿਲ ਰਿਹਾ ਹੈ, ਅਜਿਹੇ ਵਿਚ ਪਟਿਆਲਾ ਲੋਕ ਸਭਾ ਹਲਕਾ ਦੇ ਕਾਂਗਰਸੀ ਹਾਈਕਮਾਂਡ ਦੇ ਹਰ ਫੈਸਲੇ ਨੂੰ ਮਨਜ਼ੂਰ ਕਰਨਗੇ ਅਤੇ ਪਟਿਆਲਾ ਲੋਕ ਸਭਾ ਦੀ ਸੀਟ ਜਿੱਤ ਕੇ ਕਾਂਗਰਸ ਹਾਈਕਮਾਂਡ ਦੀ ਝੋਲੀ ਵਿਚ ਪਾਉਣਗੇ।   

Related Post