
ਡਾ. ਧਰਮਵੀਰ ਗਾਂਧੀ ਦੇ ਕਾਂਗਰਸ ’ਚ ਸ਼ਾਮਲ ਹੋਣ ਨਾਲ ਪਾਰਟੀ ਮਜਬੂਤ ਹੋਈ : ਨਿਰਮਲ ਸਿੰਘ ਭੱਟੀਆਂ
- by Jasbeer Singh
- April 5, 2024

ਪਟਿਆਲਾ, 5 ਅਪ੍ਰੈਲ (ਜਸਬੀਰ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ, ਬੈਂਕਫਿੰਕੋ ਅਤੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਸਾਬਕਾ ਚੇਅਰਮੈਨ ਚੌਧਰੀ ਨਿਰਮਲ ਸਿੰਘ ਭੱਟੀਆਂ ਨੇ ਕਿਹਾ ਕਿ ਪਟਿਆਲਾ ਦੇ ਸਾਬਕਾ ਐਮ. ਪੀ. ਡਾ. ਧਰਮਵੀਰ ਗਾਂਧੀ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਪਾਰਟੀ ਬੇਹੱਦ ਮਜਬੂਤ ਹੋਈ ਹੈ। ਡਾ. ਗਾਂਧੀ ਕਾਂਗਰਸ ਦੀ ਧਰਮ ਨਿਰਪੱਖ ਵਿਚਾਰਧਾਰਾ ਨਾਲ ਸਬੰਧਤ ਹਨ। ਉਹ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚ ਬਿਨਾ ਸ਼ਰਤ ਸ਼ਾਮਲ ਹੋਏ। ਮੌਜੂਦਾ ਰਾਜਨੀਤਕ ਹਾਲਾਤਾਂ ਵਿਚ ਡਾ. ਗਾਂਧੀ ਦੇਸ਼, ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਬਿਨਾ ਸ਼ਰਤ ਤੋਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਹਨ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਦੇਸ਼ ਭਰ ਵਿਚ ਲੋਕ ਕਾਂਗਰਸ ਪਾਰਟੀ ਵੱਲ ਆਕਰਸ਼ਿਤ ਹੋ ਰਹੇ ਹਨ। ਚੌਧਰੀ ਨਿਰਮਲ ਸਿੰਘ ਭੱਟੀਆਂ ਨੇ ਆਪਣੇ ਸਮਰਥਕਾਂ ਸਮੇਤ ਡਾ. ਧਰਮਵੀਰ ਗਾਂਧੀ ਨੂੰ ਗੁਲਦਸਤਾ ਦੇ ਕੇ ਕਾਂਗਰਸ ਵਿਚ ਸ਼ਾਮਲ ਹੋਣ ’ਤੇ ਸਨਮਾਨਿਤ ਕੀਤਾ। ਇਸ ਮੌਕੇ ਚੌਧਰੀ ਨਿਰਮਲ ਸਿੰਘ ਭੱਟੀਆਂ ਨਾਲ ਪੰਜਾਬ ਖਾਦੀ ਬੋਰਡ ਦੇ ਸਾਬਕਾ ਚੇਅਰਮੈਨ ਅਨਿਲ ਮਹਿਤਾ, ਦੀਦਾਰ ਸਿੰਘ ਦੋਣਕਲਾਂ ਸਾਬਕਾ ਚੇਅਰਮੈਨ, ਸਰਪੰਚ ਰਾਮ ਕਿਸ਼ਨ ਮਹਿਮਦਪੁਰ ਜੱਟਾਂ, ਭਗਵੰਤ ਸਿੰਘ, ਸੰਜੇ ਗੁਪਤਾ, ਜੋਗਿੰਦਰ ਪਾਲ ਕਪੂਰ, ਹਰਬੰਸ ਸਿੰਘ ਪੱਪੀ, ਕਾਹਨ ਸਿੰਘ ਮੰਜਾਲ, ਗੁਰਮੀਤ ਬਾਵਾ, ਰਾਜਨ ਟੰਡਨ, ਸਤਨਾਮ ਸਿੰਘ, ਗੁਰਦਰਸ਼ਨ ਸਿੰਘ ਹਡਾਣਾ, ਤਰਸੇਮ ਚੰਦ ਸ਼ਰਮਾ, ਬਲਵੰਤ ਸਿੰਘ ਦੇਵੀਗੜ੍ਹ, ਹਰੀਸ਼ਰਨ ਦੂਧਣਸਾਧਾਂ, ਹੰਸਰਾਜ ਮੰਜਾਲ, ਰਵਿੰਦਰ ਸਿੰਘ ਭੱਟੀ, ਗੁਰਪ੍ਰੀਤ ਮਾਂਗਟ, ਗਗਨ ਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਸਨ। ਚੌਧਰੀ ਨਿਰਮਲ ਸਿੰਘ ਭੱਟੀਆਂ ਨੇ ਕਿਹਾ ਕਿ ਡਾ. ਧਰਮਵੀਰ ਗਾਂਧੀ ਉਹ ਸਖਸ਼ੀਅਤ ਹਨ, ਜਿਨ੍ਹਾਂ ਨੇ 1999, 2004 ਅਤੇ 2009 ਵਿਚ ਲਗਾਤਾਰ ਹੈਟਿ੍ਰਕ ਮਾਰਨ ਵਾਲੀ ਪਟਿਆਲਾ ਦੀ ਐਮ. ਪੀ. ਪ੍ਰਨੀਤ ਕੌਰ ਨੂੰ ਹਰਾਇਆ ਸੀ। ਹੁਣ ਫਿਰ ਡਾ. ਗਾਂਧੀ ਦਾ ਮੁਕਾਬਲਾ ਭਾਜਪਾ ਵਿਚ ਸ਼ਾਮਲ ਹੋਏ ਪ੍ਰਨੀਤ ਕੌਰ ਨਾਲ ਹੋਵੇਗਾ ਅਤੇ ਡਾ. ਗਾਂਧੀ ਫਿਰ ਤੋਂ 2014 ਵਾਲਾ ਇਤਿਹਾਸ ਦੁਹਰਾ ਕੇ ਪਟਿਆਲਾ ਲੋਕ ਸਭਾ ਦੀ ਸੀਟ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਹਰ ਵਰਕਰ ਅਤੇ ਆਗੂ ਡਾ. ਧਰਮਵੀਰ ਗਾਂਧੀ ਦੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਨਾਲ ਖੁਸ਼ ਹੈ।