ਪਾਵਰ ਇੰਜਨੀਅਰਾਂ ਵੱਲੋਂ ਗਰਮੀ ਦੀ ਲਹਿਰ ਨੂੰ ਕੌਮੀ ਆਫ਼ਤ ਐਲਾਨਣ ਦੀ ਮੰਗ
- by Aaksh News
- June 4, 2024
ਅੱਤ ਦੀ ਗਰਮੀ ਕਾਰਨ ਦੇਸ਼ ਅੰਦਰ ਵਧੀ ਬਿਜਲੀ ਦੀ ਮੰਗ ਦੇ ਮੱਦੇਨਜ਼ਰ ‘ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ’ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਗਰਮੀ ਦੀ ਲਹਿਰ ਨੂੰ ਰਾਸ਼ਟਰੀ ਆਫ਼ਤ ਐਲਾਨਣ ਦੀ ਮੰਗ ਕੀਤੀ ਹੈ। ਇਸ ਪੱਤਰ ਦੀਆਂ ਕਾਪੀਆਂ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਅਤੇ ਸਕੱਤਰ (ਬਿਜਲੀ) ਭਾਰਤ ਸਰਕਾਰ ਨਵੀਂ ਦਿੱਲੀ ਨੂੰ ਵੀ ਭੇਜੀਆਂ ਗਈਆਂ ਹਨ। ਜਥੇਬੰਦੀ ਦੇ ਕੌਮੀ ਚੇਅਰਮੈਨ ਸ਼ੈਲੇਂਦਰ ਦੂਬੇ ਦੇ ਦਸਤਖਤਾਂ ਹੇਠਾਂ ਜਾਰੀ ਇਸ ਪੱਤਰ ’ਚ ਦੇਸ਼ ਅੰਦਰ ਗਰਮੀ ਅਤੇ ਬਿਜਲੀ ਦੀ ਵਧੀ ਮੰਗ ਵੱਲ ਧਿਆਨ ਦਿਵਾਇਆ ਗਿਆ ਹੈ। ਤਰਕ ਦਿੱਤਾ ਗਿਆ ਹੈ ਕਿ ਉੱਤਰੀ ਰਾਜਾਂ ਵਿੱਚ ਬਿਜਲੀ ਦੀ ਮੰਗ ਸਿਖਰਾਂ ਨੂੰ ਛੂਹ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਹੀਨੇ ਯੂਪੀ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 29000 ਮੈਗਾਵਾਟ ਨੂੰ ਵੀ ਪਾਰ ਕਰ ਗਈ ਸੀ ਜਦਕਿ ਪੰਜਾਬ ਵਿੱਚ ਇਹ ਮੰਗ 14000 ਮੈਗਾਵਾਟ, ਹਰਿਆਣਾ ਵਿੱਚ 12000 ਮੈਗਾਵਾਟ ਅਤੇ ਦਿੱਲੀ ਵਿੱਚ 8300 ਮੈਗਾਵਾਟ ਤੱਕ ਵੀ ਅੱਪੜ ਚੁੱਕੀ ਹੈ। ਇਸ ਮੁਸ਼ਕਲ ਨਾਲ਼ ਜੂਝਣ ਲਈ ਜਥੇਬੰਦੀ ਵੱਲੋਂ ਕੁਝ ਸੁਝਾਅ ਪੇਸ਼ ਕੀਤੇ ਗਏ ਹਨ ਜਿਸ ਦੌਰਾਨ ਕਿਹਾ ਗਿਆ ਹੈ ਕਿ ਅਗਲੇ ਦਿਨੀਂ ਝੋਨੇ ਦੀ ਬਿਜਾਈ ਦੌਰਾਨ ਪੰਜਾਬ ਵਿੱਚ ਤਾਂ ਬਿਜਲੀ ਦੀ ਮੰਗ ਹੋਰ ਵੀ ਵਧੇਗੀ। ਇਸ ਕਰਕੇ ਝੋਨੇ ਦੀ ਬਿਜਾਈ ਲਈ ਨਿਰਧਾਰਤ 25 ਜੂਨ ਤੱਕ ਕਰਨ ਦੀ ਲੋੜ ਹੈ। ਝੋਨੇ ਦੀਆਂ ਘੱਟ ਸਮੇਂ ’ਚ ਪੱੱਕਣ ਵਾਲੀਆਂ ਕਿਸਮਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਦਫ਼ਤਰਾਂ ਦਾ ਸਮਾਂ ਸਵੇਰੇ 7 ਤੋਂ ਦੁਪਹਿਰ 2 ਵਜੇ ਤੱਕ ਕੀਤਾ ਜਾਵੇ। ਵਪਾਰਕ ਅਦਾਰੇ, ਮਾਲ ਤੇ ਦੁਕਾਨਾਂ ਆਦਿ 7 ਵਜੇ ਬੰਦ ਕਰਨੀਆਂ ਯਕੀਨੀ ਬਣਾਈਆਂ ਜਾਣ। ਉਦਯੋਗਾਂ ’ਤੇ ਪੀਕ ਲੋਡ ਪਾਬੰਦੀਆਂ ਲਗਾਈਆਂ ਜਾਣ। ਕੋਈ ਵੀ ਡਿਸਟਰੀਬਿਊਸ਼ਨ ਟਰਾਂਸਫਾਰਮਰ ਆਪਣੀ ਸਮਰੱਥਾ ਦੇ 75 ਫੀਸਦੀ ਤੋਂ ਵੱਧ ਲੋਡ ’ਤੇ ਨਾ ਰਹੇ। ਇਸ ਤੋਂ ਬਿਨਾਂ ਕੁਝ ਹੋਰ ਸੁਝਾਅ ਵੀ ਦਿੱਤੇ ਗਏ ਹਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.