ਥਾਣਾ ਜੁਲਕਾਂ ਅਧੀਨ ਪਿੰਡ ਅਦਾਲਤੀਵਾਲਾ ਦੇ ਇੱਕ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ ਹੋ ਜਾਣ ਕਾਰਨ ਨੌਜਵਾਨ ਦੇ ਵਾਰਸਾਂ ਨੇ ਦੇਵੀਗੜ੍ਹ-ਪਟਿਆਲਾ ਰਾਜ ਮਾਰਗ ’ਤੇ ਘੱਗਰ ਦਰਿਆ ਦੇ ਪੁਲ ’ਤੇ ਜਾਮ ਲਾ ਦਿੱਤਾ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ। ਇਹ ਜਾਮ 6 ਘੰਟੇ ਜਾਰੀ ਰਿਹਾ। ਮ੍ਰਿਤਕ ਦੇ ਭਰਾ ਲਖਵੀਰ ਸਿੰਘ ਨੇ ਥਾਣਾ ਜੁਲਕਾਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਭਰਾ ਜਸਪਾਲ ਸਿੰਘ ਪਿੰਡ ਬ੍ਰਹਮਪੁਰ ਦੇ ਨਰਿੰਦਰ ਸਿੰਘ ਪੁੱਤਰ ਸੋਹਣ ਸਿੰਘ, ਸੋਹਣ ਸਿੰਘ, ਮੋਹਨ ਸਿੰਘ ਪੁੱਤਰ ਮਲੂਕ ਸਿੰਘ ਦੀ ਕੰਬਾਈਨ ’ਤੇ ਝੋਨੇ ਦਾ ਸੀਜਨ ਲਗਾਉਣ ਲਈ ਛੱਤੀਸਗੜ੍ਹ ਗਿਆ ਸੀ। ਮਿਤੀ 28 ਮਈ 2024 ਨੂੰ ਨਰਿੰਦਰ ਸਿੰਘ ਦਾ ਉਸ ਨੂੰ ਫੋਨ ਆਇਆ ਕਿ ਜਸਪਾਲ ਸਿੰਘ ਦੇ ਸੱਟ ਲੱਗ ਗਈ ਹੈ ਪਰ ਮਿਤੀ 29 ਮਈ ਨੂੰ ਜਸਪਾਲ ਸਿੰਘ ਦੀ ਲਾਸ਼ ਪਿੰਡ ਅਦਾਲਤੀਵਾਲਾ ਵਿੱਚ ਛੱਡ ਗਏ ਸਨ। ਵਾਰਸਾਂ ਨੇ ਥਾਣਾ ਜੁਲਕਾਂ ਦੀ ਪੁਲੀਸ ਤੋਂ ਮੁਲਜ਼ਮਾਂ ਵਿਰੁੱਧ ਕਤਲ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲੀਸ ਨੇ ਕੰਬਾਈਨ ਵਾਲਿਆਂ ਦੇ ਵਿਰੁੱਧ ਲਾਪ੍ਰਵਾਹੀ ਨਾਲ ਕੰਬਾਈਨ ਚਲਾਉਣ ਦਾ ਕੇਸ ਦਰਜ ਕਰ ਲਿਆ ਸੀ ਅਤੇ ਲਾਸ਼ ਦਾ ਪੋਸਟ ਮਾਰਟਮ ਕਰਾਉਣ ਲਈ ਵੀ ਲਾਸ਼ ਨੂੰ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਸੀ ਪਰ ਵਾਰਸ ਮੁਲਜ਼ਮਾਂ ਵਿਰੁੱਧ ਕਤਲ ਦਾ ਕੇਸ ਦਰਜ ਕਰਵਾਉਣ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ’ਤੇ ਅੜੇ ਹੋਏ ਹਨ। ਇਸ ਦੌਰਾਨ ਕੁਝ ਸਾਂਝੇ ਵਿਅਕਤੀਆਂ ਨੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਮਸਲਾ ਹੱਲ ਨਾ ਹੋ ਸਕਿਆ। ਥਾਣਾ ਮੁਖੀ ਨੇ ਵੀ ਕਿਹਾ ਕਿ ਬੇਸ਼ੱਕ ਵਕੂਆ ਛੱਤੀਸ਼ਗੜ੍ਹ ਦਾ ਬਣਦਾ ਹੈ ਪਰ ਫਿਰ ਵੀ ਕਾਨੂੰਨ ਵਿੱਚ ਪੂਰੀ ਮਦਦ ਕੀਤੀ ਜਾਵੇਗੀ ਅਤੇ ਮਸਲਾ ਹੱਲ ਕਰਾਉਣ ਲਈ ਪੂਰੀ ਵਾਹ ਲਗਾਈ ਜਾਵੇਗੀ ਪਰ ਮ੍ਰਿਤਕ ਦੇ ਵਾਰਸ ਫਿਰ ਵੀ ਰਾਜ਼ੀ ਨਹੀਂ ਹੋਏ ਅਤੇ ਜਾਮ ਜਾਰੀ ਰੱਖਿਆ। ਅੰਤ ਵਿੱਚ ਥਾਣਾ ਮੁਖੀ ਜੁਲਕਾਂ ਹਰਪ੍ਰੀਤ ਸਿੰਘ ਨੇ ਧਰਨਾਕਾਰੀਆਂ ਨੂੰ ਸਮਝਾਉਂਦਿਆਂ ਕਿਹਾ ਕਿ ਮ੍ਰਿਤਕ ਨੌਜਵਾਨ ਦਾ ਪੋਸਟ ਮਾਰਟਮ ਕਰਵਾਉਣ ਵਿੱਚ ਜੋ ਵੀ ਰਿਪੋਰਟ ਆਵੇਗੀ, ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਮੁਖੀ ਦੀ ਇਸ ਦਲੀਲ ਨਾਲ ਸਹਿਮਤ ਹੁੰਦਿਆਂ 6 ਘੰਟੇ ਤੋਂ ਲੱਗਾ ਧਰਨਾ ਚੁੱਕ ਲਿਆ ਅਤੇ ਆਵਾਜਾਈ ਬਹਾਲ ਹੋ ਸਕੀ। ਇਸ ਦੌਰਾਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.