

ਪੁਲਸ ਚੌਂਕੀ `ਚ ਜ਼ੋਰਦਾਰ ਧਮਾਕਾ ਪਾਤੜਾਂ, (ਪਟਿਆਲਾ) : ਜਿ਼ਲਾ ਪਟਿਆਲਾ ਅਧੀਨ ਆਉਂਦੀ ਸਬ ਡਵੀਜ਼ਨ ਪਾਤੜਾਂ ਅਧੀਨ ਆਉਂਦੇ ਕਸਬਾ ਬਾਦਸ਼ਾਹਪੁਰ ਦੀ ਪੁਲਸ ਚੌਂਕੀ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਣ ਦੀ ਘਟਨਾ ਵਾਪਰਨ ਦਾ ਸਮਾਚਾਰ ਮਿਲਿਆ । ਧਮਾਕੇ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਪੁਲਸ ਚੌਂਕੀ ਨਾਲ ਲੱਗਦੇ ਕੋ-ਆਪ੍ਰੇਟਿਵ ਸੁਸਾਇਟੀ ਦੇ ਦਫਤਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ । ਘਟਨਾ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਪੁਲਸ ਅਧਿਕਾਰੀ ਮੌਕੇ `ਤੇ ਪਹੁੰਚ ਗਏ । ਐਸ. ਐਸ. ਪੀ. ਡਾ. ਨਾਨਕ ਸਿੰਘ ਨੇ ਕੀਤਾ ਗ੍ਰਨੇਡ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਅਤੇ ਐਸ. ਪੀ. (ਡੀ) ਯੋਗੇਸ਼ ਸ਼ਰਮਾ ਨੇ ਖੁਦ ਮੌਕੇ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਹਾਲਾਂਕਿ ਹੁਣ ਤੱਕ ਪੁਲਸ ਨੂੰ ਧਮਾਕੇ ਦੇ ਕਾਰਨਾਂ ਸਬੰਧੀ ਕੋਈ ਠੋਸ ਸੁਰਾਗ ਨਹੀਂ ਮਿਲਿਆ । ਮੁੱਢਲੀ ਜਾਂਚ ਦੌਰਾਨ ਐਸ. ਐਸ. ਪੀ. ਡਾ. ਨਾਨਕ ਸਿੰਘ ਨੇ ਗ੍ਰਨੇਡ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਘਟਨਾ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਅਸਲ ਤੱਥ ਸਾਹਮਣੇ ਲਿਆਂਦੇ ਜਾਣਗੇ ।