July 6, 2024 00:48:15
post

Jasbeer Singh

(Chief Editor)

Patiala News

ਪੰਜਾਬੀ ’ਵਰਸਿਟੀ ਵਿੱਚ ਪਾਲੀ ਭੁਪਿੰਦਰ ਦੇ ਨਾਟਕ ‘ਜਾਮ’ ਦੀ ਪੇਸ਼ਕਾਰੀ

post-img

ਸਾਹਿਤ ਸਭਾ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਸਕਾਈ ਟਰੇਲ ਸੰਸਥਾ ਦੇ ਸਹਿਯੋਗ ਨਾਲ ਪੰਜਾਬੀ ਦੇ ਪ੍ਰਸਿੱਧ ਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਜੇਤੂ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਦੇ ਨਾਟਕ ‘ਜਾਮ’ ਦੀ ਦੋ ਰੋਜ਼ਾ ਪੇਸ਼ਕਾਰੀ ਕਰਵਾਈ। ਨਾਟਕ ਔਰਤ ਮਰਦ ਦੇ ਰਿਸ਼ਤੇ ਵਿੱਚ ਲੱਗੇ ਭਾਵਨਾਤਮਕ ਜਾਮ ਦੀ ਖੂਬਸੂਰਤ ਪੇਸ਼ਕਾਰੀ ਹੋ ਨਿਬੜਿਆ। ਪਾਲੀ ਭੁਪਿੰਦਰ ਵੱਲੋਂ ਲਿਖਿਆ ਤੇ ਨਿਰਦੇਸ਼ਤ ਕੀਤਾ ਇਹ ਨਾਟਕ ਸੜਕ ’ਤੇ ਲੱਗੇ ਜਾਮ ਦੇ ਮੈਟਾਫਰ ਰਾਹੀਂ ਦਿਖਾਇਆ ਗਿਆ ਕਿ ਕਿਵੇਂ ਆਦਿ ਕਾਲ ਤੋਂ ਹੁਣ ਤੱਕ ਆਜ਼ਾਦੀ ਦੇ ਚੱਕਰਵਿਊ ਨੇ ਔਰਤ ਮਰਦ ਦੇ ਰਿਸ਼ਤੇ ਵਿੱਚ ਦਰਾਰਾਂ ਪੈਦਾ ਕੀਤੀਆਂ ਹਨ ਤੇ ਉਹ ਇੱਕਜੁੱਟ ਹੋਣ ਦੀ ਬਜਾਏ ਵਿਰੋਧੀ ਜੁੱਟ ਵਜੋਂ ਆਹਮਣੇ-ਸਾਹਮਣੇ ਹੋ ਗਏ ਹਨ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਬੋਲਦਿਆਂ ਕਿਹਾ ਕਿ ਪਾਲੀ ਭੁਪਿੰਦਰ ਪੰਜਾਬੀ ਦਾ ਸਮਰੱਥ ਨਾਟਕਕਾਰ ਹੈ। ਉਸ ਦੇ ਵਿਸ਼ੇ ਹਮੇਸ਼ਾ ਬਹੁਤ ਹਟ ਕੇ ਹੁੰਦੇ ਹਨ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾਕਟਰ ਗੁਰਸੇਵਕ ਲੰਬੀ ਨੇ ਦੱਸਿਆ ਕਿ ਪਾਲੀ ਭੁਪਿੰਦਰ ਨੇ ਨੌਂ ਸਾਲਾਂ ਬਾਅਦ ਪੰਜਾਬੀ ਰੰਗਮੰਚ ਵਿੱਚ ਵਾਪਸੀ ਕੀਤੀ ਹੈ। ਉਨ੍ਹਾਂ ਤੋਂ ਹੋਰ ਚੰਗੇ ਨਾਟਕਾਂ ਦੀ ਆਸ ਰਹੇਗੀ। ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਪਾਲੀ ਭੁਪਿੰਦਰ ਨੇ ਨਵੀਆਂ ਜੁਗਤਾਂ ਰਾਹੀਂ ਨਵਾਂ ਸੁਨੇਹਾ ਦਿੱਤਾ ਹੈ। ਇਸ ਤਰ੍ਹਾਂ ਦੀ ਬੋਲਡ ਭਾਸ਼ਾ ਵਿੱਚ ਪਾਲੀ ਭੁਪਿੰਦਰ ਹੀ ਗੱਲ ਕਰ ਸਕਦਾ ਹੈ। ਪਾਲੀ ਭੁਪਿੰਦਰ ਨੇ ਆਪਣੇ ਅਹਿਸਾਸ ਸਾਂਝੇ ਕਰਦਿਆਂ ਕਿਹਾ ਕਿ ਉਹ ਭਾਵੇਂ ਫਿਲਮਾਂ ਅਤੇ ਸੋਸ਼ਲ ਮੀਡੀਆ ’ਤੇ ਮਸ਼ਰੂਫ ਰਿਹਾ ਹੈ ਪਰ ਰੰਗਮੰਚ ਉਨ੍ਹਾਂ ਦੀ ਪਹਿਲੀ ਪਸੰਦ ਹੈ। ਪ੍ਰੋਗਰਾਮ ਦੌਰਾਨ ਰਾਹੁਲ ਦੇਵਗਨ ਤੇ ਹਰਪ੍ਰੀਤ ਦੇਵਗਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪ੍ਰੋ. ਕਿਰਪਾਲ ਕਜਾਕ, ਡਾ. ਰਜਿੰਦਰ ਪਾਲ ਬਰਾੜ, ਚਰਨਜੀਤ ਕੌਰ ਅਤੇ ਡਾ. ਦਰਸ਼ਨ ਆਸ਼ਟ ਹਾਜ਼ਰ ਸਨ।

Related Post