post

Jasbeer Singh

(Chief Editor)

Patiala News

ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ

post-img

ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ -ਉੱਚ ਪੱਧਰੀ ਮੈਡੀਕਲ ਟੀਮ ਵੱਲੋਂ ਡੱਲੇਵਾਲ ਦੀ ਸਿਹਤ ਜਾਂਚ, ਖੂਨ ਦੇ ਨਮੂਨੇ ਲਏ, ਪੇਟ ਦਾ ਕੀਤਾ ਅਲਟਰਾਸਾਊਂਡ ਢਾਬੀ ਗੁੱਜਰਾਂ/ਪਟਿਆਲਾ, 9 ਜਨਵਰੀ : ਪੰਜਾਬ ਦੇ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸ੍ਰੀ ਕੁਮਾਰ ਰਾਹੁਲ ਨੇ ਅੱਜ ਖਨੌਰੀ ਬਾਰਡਰ ‘ਤੇ ਢਾਬੀ ਗੁੱਜਰਾਂ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਉਥੇ ਬਣਾਏ ਐਮਰਜੈਂਸੀ ਹਸਪਤਾਲ ਦਾ ਦੌਰਾ ਕੀਤਾ । ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ. ਐਸ. ਪੀ. ਡਾ. ਨਾਨਕ ਸਿੰਘ, ਡੀ. ਆਰ. ਐਮ. ਈ. ਅਵਨੀਸ਼ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਵੀ ਮੌਜੂਦ ਸਨ । ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਡਾਇਰੈਕਟਰ ਪਰਿਵਾਰ ਭਲਾਈ ਡਾ. ਹਤਿੰਦਰ ਕੌਰ ਨੇ ਦਸਿਆ ਕੇ ਪੰਜਾਬ ਸਰਕਾਰ ਵੱਲੋਂ ਡੱਲੇਵਾਲ ਦੀ ਸਿਹਤ ਜਾਂਚ ਲਈ ਗਠਿਤ ਕੀਤੀ ਉੱਚ ਪੱਧਰੀ ਡਾਕਟਰੀ ਮਾਹਿਰਾਂ ਦੀ ਟੀਮ ਨੇ ਕਿਸਾਨ ਆਗੂ ਦੀ ਸਿਹਤ ਦੀ ਜਾਂਚ ਕੀਤੀ ਅਤੇ ਉਨ੍ਹਾਂ ਦੇ ਖੂਨ ਦੇ ਨਮੂਨੇ ਲਏ ਅਤੇ ਪੇਟ ਦਾ ਅਲਟਰਾਸਾਊਂਡ ਕੀਤਾ । ਇੱਥੇ ਇਹ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਰਾਜਿੰਦਰਾ ਮੈਡੀਕਲ ਕਾਲਜ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਦੀ ਮੈਡੀਕਲ ਟੀਮ ਪਹਿਲਾਂ ਹੀ ਉੱਘੇ ਕਿਸਾਨ ਆਗੂ ਦੀ ਸਿਹਤ ਦੀ ਨਿਰੰਤਰ ਦੇਖਭਾਲ ਲਈ ਤਾਇਨਾਤ ਕੀਤੀ ਗਈ ਹੈ । ਇਹ ਵੀ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੀਆਂ ਮੈਡੀਕਲ ਟੀਮਾਂ ਧਰਨੇ ਵਾਲੀ ਥਾਂ 'ਤੇ 24 ਘੰਟੇ ਡਿਊਟੀ 'ਤੇ ਹਨ ਅਤੇ ਦੋ ਐਡਵਾਂਸਡ ਲਾਈਫ ਸਪੋਰਟ (ਏ. ਐੱਲ. ਐੱਸ.) ਐਂਬੂਲੈਂਸਾਂ 24 ਘੰਟੇ 7 ਦਿਨ (ਹਰ ਵੇਲੇ) ਵੀ ਮੌਜੂਦ ਹਨ। ਇਸ ਤੋਂ ਇਲਾਵਾ ਧਰਨੇ ਦੇ ਨੇੜੇ ਹੀ ਸਾਰੀਆਂ ਐਮਰਜੈਂਸੀ ਦਵਾਈਆਂ ਅਤੇ ਉਪਕਰਨਾਂ ਨਾਲ ਲੈਸ ਇੱਕ ਆਰਜ਼ੀ ਹਸਪਤਾਲ ਵੀ ਸਥਾਪਤ ਕੀਤਾ ਗਿਆ ਹੈ, ਜਿੱਥੇ ਕਿ ਮਾਹਿਰ ਡਾਕਟਰਾਂ ਦੀ ਟੀਮ 24 ਘੰਟੇ ਤਾਇਨਾਤ ਕੀਤੀ ਗਈ ਹੈ ।

Related Post