
ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ. ਦਮਨਜੀਤ ਸੰਧੂ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸਮਾਗਮ ਵਿੱਚ ਕੀਤੀ ਸ਼ਿਰਕਤ
- by Jasbeer Singh
- December 14, 2024

ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ. ਦਮਨਜੀਤ ਸੰਧੂ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸਮਾਗਮ ਵਿੱਚ ਕੀਤੀ ਸ਼ਿਰਕਤ ਪਟਿਆਲਾ, 14 ਦਸੰਬਰ : ਪੰਜਾਬੀ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਦਮਨਜੀਤ ਸੰਧੂ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨਵੀਂ ਦਿੱਲੀ ਵੱਲੋਂ ਕਰਵਾਏ ਗਏ ‘ਵਿਮੈਨ ਲੀਡਰਜ਼ : ਸ਼ੇਪਿੰਗ ਅਕਡੈਮਿਕ ਐਕਸੀਲੈਂਸ ਫ਼ਾਰ ਵਿਕਸਿਤ ਭਾਰਤ @2047’ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ । ਉਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਇਸ ਪ੍ਰੋਗਰਾਮ ਲਈ ਸੱਦਾ ਪ੍ਰਾਪਤ ਕਰਨ ਵਾਲੀਆਂ ਵਿਸ਼ੇਸ਼ ਸ਼ਖ਼ਸੀਅਤਾਂ ਵਿੱਚ ਸ਼ਾਮਿਲ ਸਨ । ਆਈ. ਆਈ. ਟੀ. ਦਿੱਲੀ ਵਿਖੇ ਹੋਏ ਇਸ ਸਮਾਗਮ ਵਿੱਚ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਸ਼੍ਰੀ ਧਰਮਿੰਦਰ ਪ੍ਰਧਾਨ ਅਤੇ ਯੂ. ਜੀ. ਸੀ. ਦੇ ਚੇਅਰਮੈਨ ਪ੍ਰੋ. ਮਮੀਦਲਾ ਜਗਦੀਸ਼ ਕੁਮਾਰ ਦੀ ਮੌਜੂਦਗੀ ਵਿੱਚ ਦੇਸ ਭਰ ਤੋਂ ਉੱਚ ਸਿੱਖਿਆ ਖੇਤਰ ਦੀਆਂ ਮਹਿਲਾ ਆਗੂਆਂ ਨੇ ਹਿੱਸਾ ਲਿਆ । ਪ੍ਰੋ. ਦਮਨਜੀਤ ਸੰਧੂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਸਿੱਖਿਆ ਮਾਹਿਰਾਂ ਵੱਲੋਂ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦਿਆਂ ਆਪਸੀ ਤਾਲਮੇਲ ਅਤੇ ਸਹਿਯੋਗ ਵਧਾਉਣ ਤੋਂ ਲੈ ਕੇ ਅਕਾਦਮਿਕ ਸ਼ਖ਼ਸੀਅਤਾਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ਉੱਚ ਸਿੱਖਿਆ ਵਿੱਚ ਮਹਿਲਾ ਨੇਤਾਵਾਂ ਵੱਲੋਂ ਸਾਂਝੇਦਾਰੀ ਨਾਲ਼ ਕੰਮ ਕੀਤੇ ਜਾਣ ਬਾਰੇ ਵਿਚਾਰਾਂ ਕੀਤੀਆਂ ਗਈਆਂ । ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਭਾਰਤ ਲਈ ਪ੍ਰਗਤੀਸ਼ੀਲ ਅਤੇ ਸਾਰੇ ਵਰਗਾਂ ਦੀ ਸ਼ਮੂਲੀਅਤ ਵਾਲ਼ੇ ਅਕਾਦਮਿਕ ਭਵਿੱਖ ਦੇ ਦ੍ਰਿਸ਼ਟੀਕੋਣ ਲਈ ਵਿਚਾਰ-ਵਟਾਂਦਰੇ ਹੋਏ । ਵੱਖ-ਵੱਖ ਮਾਹਿਰਾਂ ਵੱਲੋਂ ਆਪਣੇ ਅਨੁਭਵ ਸਾਂਝੇ ਕੀਤੇ ਗਏ । ਉਨ੍ਹਾਂ ਦੱਸਿਆ ਕਿ ਕੰਮ-ਕਾਜੀ ਥਾਵਾਂ ਉੱਤੇ ਔਰਤਾਂ ਦੀ ਭਾਗੀਦਾਰੀ ਵਿੱਚ ਸੁਧਾਰ, ਲਿੰਗ ਭੇਦਭਾਵ, ਅਤੇ ਕੰਮ ਵਾਲੀ ਥਾਂ ਦਾ ਮਾਹੌਲ ਅਤੇ ਮਾਨਸਿਕ ਸਿਹਤ ਵਰਗੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ ।