
ਪੰਜਾਬੀ ਯੂਨੀਵਰਸਿਟੀ ਵਿਖੇ ਆਤਮ-ਹੱਤਿਆ ਰੋਕਥਾਮ ਕੌਮਾਂਤਰੀ ਦਿਵਸ ਮੌਕੇ ਕਰਵਾਇਆ ਪ੍ਰੋਗਰਾਮ
- by Jasbeer Singh
- September 10, 2024

ਪੰਜਾਬੀ ਯੂਨੀਵਰਸਿਟੀ ਵਿਖੇ ਆਤਮ-ਹੱਤਿਆ ਰੋਕਥਾਮ ਕੌਮਾਂਤਰੀ ਦਿਵਸ ਮੌਕੇ ਕਰਵਾਇਆ ਪ੍ਰੋਗਰਾਮ -ਵਿਸ਼ੇ ਨਾਲ਼ ਸੰਬੰਧਤ ਪੋਸਟਰ ਸਿਰਜਣਾ ਮੁਕਾਬਲੇ ਵੀ ਕਰਵਾਏ ਪਟਿਆਲਾ, 10 ਸਤੰਬਰ : ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵੱਲੋਂ ਆਤਮ-ਹੱਤਿਆ ਰੋਕਥਾਮ ਕੌਮਾਂਤਰੀ ਦਿਵਸ ਮਨਾਇਆ ਗਿਆ। ਇਸ ਸੰਬੰਧੀ ਰੱਖੇ ਗਏ ਸਮਾਗਮ ਦਾ ਵਿਸ਼ਾ "ਖੁਦਕੁਸ਼ੀ ਬਾਰੇ ਬਿਰਤਾਂਤ ਦੀ ਤਬਦੀਲੀ: ਗੱਲਬਾਤ ਸ਼ੁਰੂ ਕਰੋ" ਰੱਖਿਆ ਗਿਆ ਸੀ। ਵਿਭਾਗ ਮੁਖੀ ਪ੍ਰੋ. ਦਮਨਜੀਤ ਸੰਧੂ ਨੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਦੱਸਿਆ ਕਿ ਇਸ ਮੁੱਦੇ ਉੱਤੇ ਵਿਆਪਕ ਦ੍ਰਿਸ਼ਟੀਕੋਣ ਤੋਂ ਸੰਵਾਦ ਰਚਾਉਣ ਦੀ ਪ੍ਰਕਿਰਿਆ ਵਿੱਚ, ਜੀਵਨ ਦੇ ਵੱਖ-ਵੱਖ ਖੇਤਰਾਂ ਨੂੰ ਸ਼ਾਮਿਲ ਕਰਨ ਦੇ ਉਦੇਸ਼ ਨਾਲ਼ ਵੱਖ-ਵੱਖ ਖੇਤਰਾਂ ਦੇ ਵਿਸ਼ਾ ਮਾਹਿਰਾਂ ਨੂੰ ਵਿਚਾਰ-ਵਟਾਂਦਰੇ ਲਈ ਬੁਲਾਇਆ ਗਿਆ। ਇਨ੍ਹਾਂ ਮਾਹਿਰਾਂ ਵਿੱਚ ਉੱਘੇ ਲੇਖਕ ਅਤੇ ਸਮਾਜਿਕ ਕਾਰਕੁਨ ਸਾਬਕਾ ਰਾਜ ਸੂਚਨਾ ਕਮਿਸ਼ਨਰਨ ਸ੍ਰ. ਖੁਸ਼ਵੰਤ ਸਿੰਘ, ਔਰਤਾਂ ਦੇ ਪ੍ਰਸੂਤੀ ਰੋਗਾਂ ਸੰਬੰਧੀ ਮਾਹਿਰ ਡਾ.ਆਇਨਾ ਸੂਦ ਅਤੇ ਯੂਨੀਵਰਸਿਟੀ ਦੇ ਸੀਨੀਅਰ ਮੈਡੀਕਲ ਅਫ਼ਰ ਡਾ. ਰੇਗੀਨਾ ਮੈਣੀ ਸ਼ਾਮਿਲ ਸਨ । ਡਾ. ਆਇਨਾ ਸੂਦ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਮੁਸ਼ਕਲ ਦੇ ਸਮੇਂ ਵਿੱਚ ਲਚਕੀਲੇਪਣ, ਆਲੋਚਨਾਤਮਕ ਸੋਚ, ਫੈਸਲੇ ਲੈਣ ਦੀ ਸਮਰਥਾ ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜੁੜ ਕੇ ਰਹਿਣ ਵਰਗੇ ਜੀਵਨ ਹੁਨਰਾਂ ਦੇ ਵਿਕਾਸ ਸੰਬੰਧੀ ਮਹੱਤਵ ਨੂੰ ਉਜਾਗਰ ਕੀਤਾ । ਸ੍ਰ. ਖੁਸ਼ਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਜੀਵਨ ਨਾਲ ਰੁੱਝੇ ਰਹਿਣ ਅਤੇ ਆਪਣੇ ਬਾਰੇ ਕਠੋਰਤਾ ਨਾਲ ਨਿਰਣਾ ਨਾ ਕਰਨ ਆਦਿ ਪੱਖਾਂ ਬਾਰੇ ਆਪਣੇ ਵਿਚਾਰ ਰੱਖੇ । ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ. ਡੀ. ਪੀ. ਸਿੰਘ ਨੇ ਕੀਤੀ। ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਭ ਦਾ ਧਿਆਨ ਹੋਂਦ ਦੇ ਅਰਥਾਂ ਅਤੇ ਆਜ਼ਾਦੀ ਨਾਲ ਜੀਵਨ ਜਿਉਣ ਦੀਆਂ ਸਹੂਲਤਾਂ ਵੱਲ ਕੇਂਦਰਿਤ ਕੀਤਾ। ਉਨ੍ਹਾਂ ਕਿਹਾ ਕਿ ਜੀਵਨ ਦੀ ਅਨਿਸ਼ਚਿਤਤਾ ਦੀ ਆਪਣੀ ਸੁੰਦਰਤਾ ਹੈ। ਜੀਵਨ ਇੱਕ ਨਿਰਪੱਖ ਹਸਤੀ ਹੈ ਅਤੇ ਅਸੀਂ ਖੁਦ ਇਸ ਨੂੰ ਦੁਖੀ ਜਾਂ ਅਨੰਦਮਈ ਬਣਾਉਂਦੇ ਹਾਂ । ਡਾ. ਰੇਗੀਨਾ ਮੈਣੀ ਨੇ ਇੱਕ ਇਮਾਨਦਾਰ, ਸੰਤੁਲਿਤ ਅਤੇ ਸ਼ੁਕਰਗੁਜ਼ਾਰੀ ਨਾਲ ਭਰਪੂਰ ਜੀਵਨ ਜਿਊਣ ਲਈ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ ਨੂੰ ਦੁਹਰਾਇਆ । ਇਸ ਦਿਨ ਦੀ ਮਹੱਤਤਾ ਨੂੰ ਯਾਦ ਕਰਨ ਅਤੇ ਵਿਦਿਆਰਥੀਆਂ ਵਿੱਚ ਰਚਨਾਤਮਕ ਹੁਨਰ ਪੈਦਾ ਕਰਨ ਲਈ, ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਡਾ. ਨੈਨਾ ਸ਼ਰਮਾ ਅਤੇ ਡਾ. ਜਗਪ੍ਰੀਤ ਕੌਰ ਵੱਲੋਂ ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਕੀਤੀ ਗਈ। ਇਸ ਦੇ ਜੇਤੂਆਂ ਨੂੰ ਤਰਨਦੀਪ ਕੌਰ (ਪਹਿਲਾ ਸਥਾਨ), ਪਰਨੀਤ ਕੌਰ (ਦੂਜਾ ਸਥਾਨ) ਅਤੇ ਗ਼ਜ਼ਲ ਬੱਬਰ (ਤੀਜਾ ਸਥਾਨ) ਨੂੰ ਇਨਾਮ ਦਿੱਤੇ ਗਏ । ਇਸ ਮੌਕੇ ਡਾ. ਇੰਦਰਪ੍ਰੀਤ ਸੰਧੂ ਪ੍ਰੋ. ਤਾਰੀਕਾ ਸੰਧੂ ਅਤੇ ਡਾ. ਸੁਖਮਿੰਦਰ ਕੌਰ ਵੀ ਹਾਜ਼ਰ ਰਹੇ। ਧੰਨਵਾਦੀ ਭਾਸ਼ਣ ਪ੍ਰੋ. ਸੰਗੀਤਾ ਟਰਾਮਾ ਵੱਲੋਂ ਦਿੱਤਾ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.