
ਡੀ ਟੀ ਐੱਫ ਵੱਲੋਂ ਤਰੱਕੀਆਂ ਅਤੇ ਬਦਲੀਆਂ ਦੀਆਂ ਬੇਨਿਯਮੀਆਂ ਸਬੰਧੀ ਭੇਜਿਆ 'ਵਿਰੋਧ ਪੱਤਰ'
- by Jasbeer Singh
- September 25, 2024

ਡੀ ਟੀ ਐੱਫ ਵੱਲੋਂ ਤਰੱਕੀਆਂ ਅਤੇ ਬਦਲੀਆਂ ਦੀਆਂ ਬੇਨਿਯਮੀਆਂ ਸਬੰਧੀ ਭੇਜਿਆ 'ਵਿਰੋਧ ਪੱਤਰ' ਪਟਿਆਲਾ : ਜਨਤਕ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦਾ ਦਾਅਵਾ ਕਰਨ ਵਾਲੀ ਆਪ ਸਰਕਾਰ ਵੱਲੋਂ ਚਲੰਤ ਸੈਸ਼ਨ ਦੌਰਾਨ ਕੀਤੀਆਂ ਗਈਆਂ ਤਰੱਕੀਆਂ ਅਤੇ ਬਦਲੀਆਂ ਵਿੱਚ ਵੱਡੇ ਪੱਧਰ ਤੇ ਹੋਈਆਂ ਬੇਨਿਯਮੀਆਂ ਦਾ ਨੋਟਿਸ ਲੈਂਦਿਆ ਡੈਮੋਕ੍ਰੇਟਿਕ ਟੀਚਰਜ਼ ਫਰੰਟ,ਪਟਿਆਲਾ ਇਕਾਈ ਵੱਲੋਂ ਜਿਲ੍ਹਾ ਸਿੱਖਿਆ ਅਫਸਰ(ਸ.ਸ) ਰਾਹੀਂ ਸਿੱਖਿਆ ਮੰਤਰੀ ਵੱਲ 'ਵਿਰੋਧ ਪੱਤਰ' ਭੇਜਿਆ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਟੀਐੱਫ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ, ਵਿੱਤ ਸਕੱਤਰ ਰਾਜਿੰਦਰ ਸਮਾਣਾ ਅਤੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ,ਨੇ ਦੱਸਿਆ ਕਿ ਮਾਸਟਰ ਤੋਂ ਲੈਕਚਰਾਰ ਕਾਡਰ ਦੀ ਤਰੱਕੀ ਲਈ ਸ਼ੁਰੂ ਕੀਤੀ ਪ੍ਰਕਿਰਿਆ ਦੌਰਾਨ ਵਿਸ਼ਿਆਂ ਵਿੱਚ ਮੁੱਖ ਤੌਰ 'ਤੇ ਸਕੂਲ ਆੱਫ ਐਮੀਨੈਂਸ ਸਮੇਤ ਕੁਝ ਕੁ ਚੋਣਵੇਂ ਸਕੂਲਾਂ ਨੂੰ ਸਟੇਸ਼ਨ ਚੋਣ ਲਈ ਪੇਸ਼ ਕੀਤਾ ਜਾ ਰਿਹਾ ਹੈ। ਜਦਕਿ ਪੰਜਾਬ ਦੇ ਬਾਕੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੀ ਲੈਕਚਰਾਰ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ ਇਸ ਫੈਸਲੇ ਨਾਲ ਜਿੱਥੇ ਕਈ ਸਾਲਾਂ ਤੋਂ ਤਰੱਕੀ ਦੀ ਉਡੀਕ ਕਰ ਰਹੇ ਅਧਿਆਪਕਾਂ ਨੂੰ ਦੂਰ-ਦੁਰਾਡੇ ਦੇ ਸਟੇਸ਼ਨ ਮਿਲਣ ਕਾਰਨ ਤਰੱਕੀਆਂ ਛੱਡਣ ਲਈ ਮਜਬੂਰ ਹੋਣਾ ਪਵੇਗਾ, ਉੱਥੇ ਕੁਝ ਚੋਣਵੇਂ ਸਕੂਲਾਂ ਨੂੰ ਤਰਜੀਹ ਦੇਣ ਨਾਲ ਬਾਕੀ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਦਾ ਨੁਕਸਾਨ ਹੋਵੇਗਾ। ਇਸੇ ਤਰ੍ਹਾਂ 2024-25 ਵਿੱਚ ਅਗਸਤ ਮਹੀਨੇ ਸ਼ੁਰੂ ਕੀਤੀ ਆਨਲਾਈਨ ਬਦਲੀ ਪ੍ਰਕਿਰਿਆ ਦੌਰਾਨ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਨਿਰਪੱਖਤਾ, ਪਾਰਦਰਸ਼ਤਾ ਅਤੇ ਸਮਾਨਤਾ ਬਰਕਰਾਰ ਰੱਖਣ ਲਈ ਜਿੰਮੇਵਾਰੀ ਨਾ ਨਿਭਾਉਣ ਕਾਰਨ ਅਧਿਆਪਕਾਂ ਵਿੱਚ ਵਿਆਪਕ ਰੋਸ ਹੈ। ਇਸ ਵਾਰ ਬਦਲੀਆਂ ਸਬੰਧੀ ਬਣਦੇ ਅੰਕਾਂ ਦੀਆਂ ਸੂਚੀਆਂ ਤੱਕ ਜਾਰੀ ਨਹੀਂ ਕੀਤੀਆਂ ਗਈਆਂ ਜੋ ਇਨ੍ਹਾਂ ਬਦਲੀਆਂ ਵਿੱਚ ਹੋਈਆਂ ਬੇਨਿਯਮੀਆਂ ਵੱਲ ਇਸ਼ਾਰਾ ਕਰਦਾ ਹੈ । ਜਿਲ੍ਹਾ ਪ੍ਰੈਸ ਸਕੱਤਰ ਹਰਵਿੰਦਰ ਬੇਲੂਮਾਜਰਾ, ਸਹਾਇਕ ਪ੍ਰੈਸ ਸਕੱਤਰ ਗਗਨ ਰਾਣੂ ਨੇ ਮੰਗ ਕੀਤੀ ਕਿ ਲੈਕਚਰਾਰ ਦੇ ਵੱਖ ਵੱਖ ਵਿਸ਼ਿਆਂ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕਰਕੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਖਾਲੀ ਸਟੇਸ਼ਨ ਤਰੱਕੀ ਲਈ ਪੇਸ਼ ਕੀਤੇ ਜਾਣ, ਪਹਿਲਾਂ ਵਾਂਗ ਸਿਟਿੰਗ ਸਟੇਸ਼ਨ ਦੀ ਸਹੂਲਤ ਦਿੱਤੀ ਜਾਵੇ ਅਤੇ ਦੂਰ ਦੇ ਸਟੇਸ਼ਨ ਲੈਣ ਲਈ ਮਜਬੂਰ ਹੋਏ ਅਧਿਆਪਕਾਂ ਨਾਲ ਇਨਸਾਫ ਕੀਤਾ ਜਾਵੇ। ਜਨਰਲ ਬਦਲੀਆਂ ਦੇ ਦੂਜੇ ਰਾਉਂਡ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਅਤੇ ਡਾਟਾ ਮਿਸ ਮੈਚ ਕਾਰਨ ਬਦਲੀਆਂ ਤੋਂ ਵਾਂਝੇ ਰਹਿ ਗਏ ਅਧਿਆਪਕਾਂ ਨੂੰ ਵੀ ਬਰਾਬਰ ਮੌਕਾ ਦਿੱਤਾ ਜਾਵੇ। ਜਿੰਨ੍ਹਾਂ ਅਧਿਆਪਕਾਂ ਤੇ ਨਾਨ ਟੀਚਿੰਗ ਮੁਲਾਜ਼ਮਾਂ ਦਾ ਪਰਖ ਸਮਾਂ/ਸਟੇਅ ਇਸੇ ਵਿਦਿਅਕ ਸੈਸ਼ਨ 2024-25 ਵਿੱਚ ਪੂਰੀ ਹੁੰਦੀ ਹੈ, ਉਹਨਾਂ ਸਾਰੇ ਦੇ ਸਾਰੇ ਕਰਮਚਾਰੀਆਂ ਨੂੰ ਬਦਲੀਆਂ ਦੀ ਮੌਜੂਦਾ ਪ੍ਰਕਿਰਿਆ ਵਿੱਚ ਹੀ ਇੱਕ ਸਮਾਨ ਮੌਕਾ ਦਿੱਤਾ ਜਾਵੇ ਅਤੇ ਅਜਿਹੇ ਮਾਮਲਿਆਂ ਵਿੱਚ ਹੋਈਆਂ 569 ਲੈਕਚਰਾਰਾਂ ਤੇ 693 ਲਾਈਬ੍ਰੇਰੀਅਨਾਂ ਦੀਆਂ ਬਦਲੀਆਂ ਨੂੰ ਲਾਗੂ ਕੀਤਾ ਜਾਵੇ । ਇਸ ਸਮੇਂ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਪਟਿਆਲਾ ਦੇ ਪ੍ਰਧਾਨ ਗੁਰਜੀਤ ਘੱਗਾ ਅਤੇ ਜਿਲ੍ਹਾ ਸਕੱਤਰ ਹਰਿੰਦਰ ਪਟਿਆਲਾ, ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਜਿਲ੍ਹਾ ਕਨਵੀਨਰ ਸਤਪਾਲ ਸਮਾਣਵੀ, ਡੀਟੀਐੱਫ ਦੇ ਬਲਾਕ ਪ੍ਰਧਾਨ ਘਨੌਰ ਕ੍ਰਿਸ਼ਨ ਚੁਹਾਣਕੇ, ਬਲਾਕ ਪਟਿਆਲਾ ਦੇ ਪ੍ਰਧਾਨ ਰੋਮੀ ਸਫ਼ੀਪੁਰ, ਬਲਾਕ ਸਕੱਤਰ ਭੁਨਰਹੇੜੀ ਡਾ.ਰਵਿੰਦਰ ਕੰਬੋਜ਼, ਚਮਕੌਰ ਸਿੰਘ ਅਤੇ ਪ੍ਰਗਟ ਸਿੰਘ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.