

ਪੀ.ਆਰ.ਟੀ.ਸੀ. ਵਰਕਰਜ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਪਟਿਆਲਾ 28 ਅਕਤੂਬਰ : ਅੱਜ ਇੱਥੇ ਪੀ.ਆਰ.ਟੀ.ਸੀ. ਵਰਕਰਜ ਐਕਸ਼ਨ ਕਮੇਟੀ ਦੀ ਮੀਟਿੰਗ ਸ੍ਰੀ ਨਿਰਮਲ ਸਿੰਘ ਧਾਲੀਵਾਲ, ਏਟਕ ਦੇ ਜਨਰਲ ਸਕੱਤਰ ਦੀ ਕਨਵੀਨਰਸ਼ਿਪ ਹੇਠ ਹੋਈ । ਛੇ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਨੁਮਾਇੰਦੇ ਇੰਟਕ ਦੇ ਪ੍ਰਧਾਨ ਬਲਦੇਵ ਰਾਜ ਬੱਤਾ, ਕਰਮਚਾਰੀ ਦਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਖਟੜਾ, ਅਜ਼ਾਦ ਜਥੇਬੰਦੀ ਦੇ ਪ੍ਰਧਾਨ ਮਨਜਿੰਦਰ ਕੁਮਾਰ (ਬੱਬੂ ਸ਼ਰਮਾ) ਐਸ.ਸੀ.ਬੀ.ਸੀ. ਦੇ ਪ੍ਰਧਾਨ ਰਾਕੇਸ਼ ਕੁਮਾਰ ਦਾਤਾਰਪੁਰੀ ਅਤੇ ਰਿਟਾਇਰਡ ਵਰਕਰਜ਼ ਯੂਨੀਅਨ (ਏਟਕ) ਦੇ ਪ੍ਰਧਾਨ ਉਤਮ ਸਿੰਘ ਬਾਗੜੀ ਇਸ ਮੀਟਿੰਗ ਵਿੱਚ ਸ਼ਾਮਲ ਸਨ, ਜਿਹਨਾਂ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਉਹਨਾਂ ਵਿੱਚ ਕੰਟਰੈਕਟ ਵਰਕਰਾਂ ਨੂੰ ਰੈਗੂਲਰ ਕਰਨ ਦੇ ਮਸਲੇ ਨੂੰ ਸਰਕਾਰ ਵੱਲੋਂ ਹੱਲ ਨਾ ਕੀਤੇ ਜਾਣਾ, ਕੰਟਰੈਕਟ ਵਰਕਰਾਂ ਦੀ ਤਨਖਾਹ ਵਿੱਚ ਇਕਸਾਰਤਾ ਲਿਆਉਣਾ, ਪੀ. ਆਰ. ਟੀ. ਸੀ. ਵਿੱਚ 500 ਨਵੀਆਂ ਬੱਸਾਂ ਆਪਣੀ ਮਾਲਕੀ ਵਾਲੀਆ ਪਾਉਣਾ, ਫਲਾਇੰਗ ਸਟਾਫ ਨੂੰ 5000 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਭੱਤਾ ਦੇਣਾ, ਰਿੱਟ ਨੰ: 8240 ਰਾਹੀਂ ਰੈਗੂਲਰ ਹੋਏ ਕਰਮਚਾਰੀਆਂ ਨੂੰ ਪੈਨਸ਼ਨ ਸਕੀਮ 1992 ਦਾ ਮੈਂਬਰ ਬਣਾਉਣਾ, 1992 ਦੀ ਪੈਨਸ਼ਨ ਸੁਵਿਧਾ ਤੋਂ ਵਾਂਝੇ ਰਹਿ ਗਏ 400 ਬਜੁਰਗ ਸੇਵਾ ਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਦਾ ਲਾਭ ਦੇਣਾ, ਵਰਕਰਾਂ ਦੀਆਂ ਬਣਦੀਆਂ ਤਰੱਕੀਆਂ ਕਰਨਾ, ਸੇਵਾ ਮੁਕਤ ਅਤੇ ਮੌਜੂਦਾ ਕਰਮਚਾਰੀਆਂ ਦੇ ਵਿੱਤੀ ਬਕਾਏ ਅਦਾ ਕਰਨਾ, ਮਾਨਯੋਗ ਅਦਾਲਤ ਦੇ ਹੁਕਮ ਅਨੁਸਾਰ ਪੰਜਾਬ ਸਰਕਾਰ ਵਲੋਂ ਸੇਵਾ ਮੁਕਤ ਕਰਮਚਾਰੀਆਂ ਨੂੰ ਸੇਵਾ ਮੁਕਤੀ ਦੇ ਅਗਲੇ ਦਿਨ ਬਣਦਾ ਇੰਕਰੀਮੈਂਟ ਦੇਣਾ, ਪੰਜਾਬ ਸਰਕਾਰ ਵਲੋਂ ਮੁਫਤ ਸਫਰ ਬਦਲੇ 500 ਕਰੋੜ ਤੋਂ ਵੱਧ ਦੀ ਬਣਦੀ ਰਕਮ ਦੀ ਅਦਾਇਗੀ ਪੀ. ਆਰ. ਟੀ. ਸੀ. ਨੂੰ ਕਰਨਾ ਆਦਿ ਸ਼ਾਮਲ ਸਨ । ਐਕਸ਼ਨ ਕਮੇਟੀ ਦੀ ਲੀਡਰਸ਼ਿਪ ਨੇ ਕਿਹਾ ਕਿ ਮੈਨੇਜਮੈਂਟ ਅਤੇ ਸਰਕਾਰ ਨੂੰ ਸਮੇਂ ਸਮੇਂ ਮੰਗ ਪੱਤਰ ਦੇ ਕੇ ਵਰਕਰਾ ਦੇ ਮਸਲੇ ਹੱਲ ਕਰਨ ਲਈ ਲਗਾਤਾਰ ਜਥੇਬੰਦਕ ਤੌਰ ਤੇ ਜਤਨ ਕੀਤੇ ਜਾ ਰਹੇ ਹਨ ਪਰ ਕੋਈ ਤਸੱਲੀਬਖਸ਼ ਹੱਲ ਨਹੀਂ ਪੇਸ਼ ਕੀਤਾ ਜਾ ਰਿਹਾ। ਐਕਸ਼ਨ ਕਮੇਟੀ ਨੇ ਚੇਅਰਮੈਨ ਅਤੇ ਐਮ. ਡੀ. ਪੀ. ਆਰ. ਟੀ. ਸੀ. ਵਲੋਂ ਕੁੱਝ ਮਸਲੇ ਹੱਲ ਕਰਨ ਦੀ ਦਿਸ਼ਾ ਵਿੱਚ ਚੁੱਕੇ ਗਏ ਕਦਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਕਸ਼ਨ ਕਮੇਟੀ ਦੇ ਮੰਗ ਪੱਤਰਾਂ ਵਿੱਚ ਕਾਫੀ ਚਿਰ ਤੋਂ ਪ੍ਰਮੁੱਖਤਾ ਨਾਲ ਕੰਟਰੈਕਟ ਵਰਕਰਾਂ ਦੀ ਤਨਖਾਹ ਵਿੱਚ ਇਕਸਾਰਤਾ ਲਿਆਉਣ ਦਾ ਜ਼ੋ ਮੁੱਦਾ ਚੁੱਕਿਆ ਹੋਇਆ ਸੀ ਉਸਦਾ ਹੱਲ ਕਰਦਿਆਂ ਕੰਟਰੈਕਟ ਵਰਕਰਾ ਦੀ ਤਨਖਾਹ ਵਿੱਚ 2500 ਰੁਪਏ ਦਾ ਵਾਧਾ ਕਰ ਦਿੱਤਾ ਅਤੇ ਹਰ ਸਾਲ 5 ਪ੍ਰਤੀਸ਼ਤ ਦਾ ਵਾਧਾ ਦੇਣ ਦੀ ਮੰਗ ਮੰਨ ਕੇ ਲਾਗੂ ਕਰ ਦਿੱਤੀ ਗਈ । ਇਸੇ ਤਰ੍ਹਾਂ ਆਪਣੀ ਮਾਲਕੀ ਵਾਲੀ 400 ਬੱਸਾਂ ਪਾਉਣ ਦਾ ਵੀ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਹੈ। ਸੇਵਾ ਮੁਕਤ ਕਰਮਚਾਰੀਆਂ ਨੂੰ ਨੋਸ਼ਨਲ ਇੰਕਰੀਮੈਂਟ ਦੇਣ ਦੇ ਹੁਕਮ ਵੀ ਜਾਰੀ ਕਰਨ ਲਈ ਦਸਤਖਤਾਂ ਅਧੀਨ ਹਨ। ਤਰੱਕੀਆਂ ਦੀਆਂ ਫਾਈਲਾਂ ਲਗਭਗ ਤਿਆਰ ਹੋ ਚੁੱਕੀਆਂ ਹਨ । ਪਰ ਅਜੇ ਵੀ ਕਾਫੀ ਮੰਗਾਂ ਜ਼ੋ ਕਾਨੂੰਨੀ ਤੌਰ ਤੇ ਅਤੇ ਲੋੜ ਅਨੁਸਾਰ ਵਾਜਬ ਹਨ ਉਹਨਾਂ ਦਾ ਨਿਪਟਾਰਾ ਪਿਛਲੇ ਸਮੇੇਂ ਵਿੱਚ ਬੇਲੋੜਾ ਲਟਕਾਇਆ ਗਿਆ ਹੈ । ਉਨ੍ਹਾਂ ਦਾ ਬਿਨ੍ਹਾਂ ਦੇਰੀ ਹੱਲ ਕਰਨਾ ਬਣਦਾ ਹੈ, ਜਿਸ ਬਾਰੇ ਐਕਸ਼ਨ ਕਮੇਟੀ ਵੱਲੋਂ ਜਲਦੀ ਮੀਟਿੰਗ ਕਰਨ ਲਈ ਪੱਤਰ ਲਿਖਿਆ ਗਿਆ ਹੈ । ਐਕਸ਼ਨ ਕਮੇਟੀ ਨੇ ਮੈਨੇਜਮੈਂਟ ਨੂੰ ਜ਼ੋਰ ਦੇ ਕੇ ਕਿਹਾ ਕਿ ਅਦਾਰੇ ਵਿੱਚ ਵਰਕਰਾ ਅਤੇ ਮੈਨੇਜਮੈਂਟ ਦਰਮਿਆਨ ਸੁਖਾਵੇ ਮਾਹੌਲ ਦੀ ਅਹਿਮੀਅਤ ਨੂੰ ਮੱਦੇਨਜਰ ਰੱਖਦੇ ਹੋਏ ਵਰਕਰਾਂ ਦੇ ਸਾਰੇ ਲੰਬਿਤ ਪਏ ਮਸਲਿਆਂ ਦਾ ਹੱਲ ਬਿਨਾਂ ਦੇਰੀ ਕੀਤੀ ਜਾਵੇ । ਐਕਸ਼ਨ ਕਮੇਟੀ ਨੇ ਮੈਨੇਜਮੈਂਟ ਨੁੰ ਇਹ ਵੀ ਕਿਹਾ ਕਿ ਦੀਵਾਲੀ ਦੇ ਤਿਉਹਾਰ ਦੇ ਮੌਕੇ ਤੇ ਸਰਕਾਰ ਵਲੋਂ 30 ਅਕਤੂਬਰ ਤੱਕ ਤਨਖਾਹ ਪੈਨਸ਼ਨ ਦੇਣ ਦੇ ਕੀਤੇ ਹੁਕਮ ਅਨੁਸਾਰ ਪੀ. ਆਰ. ਟੀ. ਸੀ. ਦੇ ਕਰਮਚਾਰੀਆਂ ਨੂੰ ਹਰ ਹਾਲਤ ਵਿੱਚ 30 ਅਕਤੂਬਰ ਤੱਕ ਤਨਖਾਹ ਅਤੇ ਪੈਨਸ਼ਨ ਦਿੱਤੀ ਜਾਵੇ । ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਵਲੋਂ ਕਰਮਚਾਰੀਆਂ ਦਾ 15 ਪ੍ਰਤੀਸ਼ਤ ਡੀ.ਏ. ਜਾਰੀ ਨਾ ਕਰਨਾ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨਾ, ਘੱਟੋ—ਘੱਟ ਉਜਰਤਾ ਵਿੱਚ ਵਾਧਾ ਨਾ ਦਿੱਤੇ ਜਾਣ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਪੀ. ਆਰ. ਟੀ. ਸੀ. ਦੇ ਕਰਮਚਾਰੀ ਇਨ੍ਹਾਂ ਮਸਲਿਆਂ ਲਈ ਚਲ ਰਹੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਸੰਭਾਵਤ ਐਜੀਟੇਸ਼ਨਾਂ ਵਿੱਚ ਸ਼ਾਮਲ ਹੋਣਗੇ ।
Related Post
Popular News
Hot Categories
Subscribe To Our Newsletter
No spam, notifications only about new products, updates.