ਪੰਜਾਬ ਦੇ ਖੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੇਂਦਰੀ ਖੁਰਾਕ ਮੰਤਰੀ ਪ੍ਰਲਹਾਦ ਜੋਸ਼ੀ ਨਾਲ ਕੀਤੀ ਮੁਲਾਕਾਤ
- by Jasbeer Singh
- August 28, 2024
ਪੰਜਾਬ ਦੇ ਖੁਰਾਕ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੇਂਦਰੀ ਖੁਰਾਕ ਮੰਤਰੀ ਪ੍ਰਲਹਾਦ ਜੋਸ਼ੀ ਨਾਲ ਕੀਤੀ ਮੁਲਾਕਾਤ ਚੌਲਾਂ ਦੀ ਡਿਲਿਵਰੀ ਲਈ ਲੋੜੀਂਦੀ ਥਾਂ ਮੁਹੱਈਆ ਕਰਵਾਉਣ ਲਈ ਕੀਤੀ ਅਪੀਲ ਸੂਬੇ ਵਿੱਚੋਂ ਚੌਲ ਲਿਜਾਣ ਸਬੰਧੀ ਆਵਾਜਾਈ ਵਧਾਉਣ 'ਤੇ ਦਿੱਤਾ ਜ਼ੋਰ ਚੰਡੀਗੜ੍ਹ/ਨਵੀਂ ਦਿੱਲੀ, 28 ਅਗਸਤ : ਪੰਜਾਬ ਵਿੱਚ ਐਫ.ਸੀ.ਆਈ. ਕੋਲ ਚੌਲਾਂ ਦੀ ਡਿਲਿਵਰੀ ਲਈ ਕਵਰਡ ਸਟੋਰੇਜ ਸਪੇਸ (ਭੰਡਾਰਣ ਦੀ ਜਗ੍ਹਾ) ਦੀ ਭਾਰੀ ਘਾਟ ਸਬੰਧੀ ਮੁੱਦਾ ਉਠਾਉਂਦਿਆਂ ਅੱਜ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕੇਂਦਰੀ ਖ਼ਪਤਕਾਰ, ਖੁਰਾਕ ਅਤੇ ਜਨਤਕ ਵੰਡ ਬਾਰੇ ਮੰਤਰੀ ਸ੍ਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਸ੍ਰੀ ਕਟਾਰੂਚੱਕ ਨੇ ਕੇਂਦਰੀ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਸੂਬੇ ਵਿੱਚ ਚੌਲਾਂ ਦੇ ਭੰਡਾਰਨ ਲਈ ਥਾਂ ਦੀ ਭਾਰੀ ਘਾਟ ਹੈ ਅਤੇ ਪਿਛਲੇ 5 ਮਹੀਨਿਆਂ ਤੋਂ/24 ਅਪ੍ਰੈਲ ਤੋਂ ਸੂਬੇ ਵਿੱਚੋਂ ਸਿਰਫ਼ 3-4 ਲੱਖ ਮੀਟ੍ਰਿਕ ਟਨ ਚੌਲਾਂ ਦੀ ਸੀਮਤ ਆਵਾਜਾਈ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ । ਹੋਰ ਜਾਣਕਾਰੀ ਦਿੰਦਿਆਂ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ 1 ਅਕਤੂਬਰ ਤੋਂ ਸਾਉਣੀ ਮੰਡੀਕਰਨ ਸੀਜ਼ਨ (ਕੇ. ਐਮ. ਐੱਸ.)-2024 ਸ਼ੁਰੂ ਹੋਣ ਵਾਲਾ ਹੈ, ਇਸ ਮੁੱਦੇ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਲੋੜ ਹੈ ਅਤੇ ਇਸ ਸੀਜ਼ਨ ਦੌਰਾਨ ਲਗਭਗ 185-190 ਲੱਖ ਮੀਟਰਕ ਟਨ ਝੋਨੇ ਦੀ ਖਰੀਦੀ ਕੀਤੀ ਜਾਵੇਗੀ ਜਿਸ ਨਾਲ 125-128 ਲੱਖ ਮੀਟਰਕ ਟਨ ਚੌਲਾਂ ਦੀ ਪੈਦਾਵਾਰ ਹੋਵੇਗੀ । ਉਨ੍ਹਾਂ ਨੇ ਇਸ ਮੁੱਦੇ ਦਾ ਜਲਦ ਤੋ ਜਲਦ ਹੱਲ ਕਰਨ ‘ਤੇ ਜ਼ੋਰ ਦਿੱਤਾ ਕਿਉਂਕਿ ਪੰਜਾਬ ਦੇ ਰਾਈਸ ਮਿੱਲਰਾਂ ਵਿੱਚ ਥਾਂ ਦੀ ਘਾਟ ਨਾਲ ਪੈਦਾ ਹੋਣ ਵਾਲੀ ਸਮੱਸਿਆ ਕਾਰਨ ਪਹਿਲਾਂ ਹੀ ਚਿੰਤਾ ਹੈ ਅਤੇ ਇਸ ਨਾਲ ਸੀਜ਼ਨ ਦੌਰਾਨ ਝੋਨੇ ਦੀ ਨਿਰਵਿਘਨ ਖਰੀਦ ਪ੍ਰਭਾਵਿਤ ਹੋ ਸਕਦੀ ਹੈ । ਕੇਂਦਰੀ ਮੰਤਰੀ ਦੇ ਨਿੱਜੀ ਦਖਲ 'ਤੇ ਜ਼ੋਰ ਦਿੰਦਿਆਂ, ਸ੍ਰੀ ਕਟਾਰੂਚੱਕ ਨੇ ਉਨ੍ਹਾਂ ਨੂੰ ਕਵਰਡ ਸਟੋਰੇਜ ਸਪੇਸ ਦੇ ਲੋੜੀਂਦੇ ਪ੍ਰਬੰਧ ਕਰਨ ਲਈ ਐਫ.ਸੀ.ਆਈ. ਨੂੰ ਨਿਰਦੇਸ਼ ਦੇਣ ਅਤੇ ਸਤੰਬਰ 2024 ਤੋਂ ਮਾਰਚ 2025 ਤੱਕ ਪੰਜਾਬ ਦੇ ਕਵਰਡ ਗੋਦਾਮਾਂ ਤੋਂ ਚੌਲਾਂ ਅਤੇ ਕਣਕ ਦੀਆਂ ਰੋਜ਼ਾਨਾ ਘੱਟੋ-ਘੱਟ 25 ਵਿਸ਼ੇਸ਼ ਰੇਲਗੱਡੀਆਂ ਮੰਗਵਾ ਕੇ ਮਹੀਨਾਵਾਰ ਘੱਟੋ-ਘੱਟ 20 ਲੱਖ ਮੀਟ੍ਰਿਕ ਟਨ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸਾਉਣੀ ਮੰਡੀਕਰਨ ਸੀਜ਼ਨ 2024 ਲਈ ਚੌਲਾਂ ਦੇ ਭੰਡਾਰਨ ਲਈ ਲੋੜੀਂਦੀ ਥਾਂ ਅਤੇ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾਇਆ ਜਾ ਸਕੇ । ਕੇਂਦਰੀ ਮੰਤਰੀ ਨੇ ਥਾਂ ਸਬੰਧੀ ਮੁੱਦਾ ਅਤੇ ਸੂਬੇ ਨੂੰ ਦਰਪੇਸ਼ ਹੋਰ ਮੁੱਦਿਆਂ ਦਾ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਦੇ ਸਕੱਤਰ ਸ਼੍ਰੀ ਵਿਕਾਸ ਗਰਗ ਅਤੇ ਡਾਇਰੈਕਟਰ ਸ਼੍ਰੀ ਪੁਨੀਤ ਗੋਇਲ ਵੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.