
ਪੰਜਾਬ ਸਰਕਾਰ ਡਾਕਟਰਾਂ ਨੂੰ ਸਾਫ ਤੇ ਮੋਟੇ ਅੱਖਰਾਂ ਵਿਚ ਦਵਾਈ ਲਿਖਣ ਦੀਆਂ ਕੀਤੀਆਂ ਸਖਤ ਹਦਾਇਤਾਂ
- by Jasbeer Singh
- May 29, 2025

ਪੰਜਾਬ ਸਰਕਾਰ ਡਾਕਟਰਾਂ ਨੂੰ ਸਾਫ ਤੇ ਮੋਟੇ ਅੱਖਰਾਂ ਵਿਚ ਦਵਾਈ ਲਿਖਣ ਦੀਆਂ ਕੀਤੀਆਂ ਸਖਤ ਹਦਾਇਤਾਂ ਚੰਡੀਗੜ੍ਹ, 29 ਮਈ 2025 : ਪੰਜਾਬ ਸਰਕਾਰ ਦੇ ਪਰਿਵਾਰ ਭਲਾਈ ਵਿਭਾਗ ਨੇ ਪੰਜਾਬ ਸੂਬੇ ਦੇ ਸਮੁੱਚੇ ਡਾਕਟਰਾਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਉਹ ਹੁਣ ਮਰੀਜ਼ਾਂ ਲਈ ਲਿਖੀ ਜਾਣ ਵਾਲੀ ਦਵਾਈ ਦੀ ਪਰਚੀ ਅਤੇ ਬਿਮਾਰੀ ਦੀ ਪਛਾਣ (ਡਾਇਗਨੋਸਿਸ) ਵੱਡੇ (ਕੈਪੀਟਲ) ਜਾਂ ਗੂੜ੍ਹੇ (ਬੋਲਡ) ਅੱਖਰਾਂ ਵਿਚ ਲਿਖਣ ।ਦੱਸਣਯੋਗ ਹੈ ਕਿ ਉਪਰੋਕਤ ਹੁਕਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 26 ਮਈ 2025 ਨੂੰ ਦਿੱਤੇ ਗਏ ਤਾਜ਼ਾ ਨਿਰਦੇਸ਼ਾਂ ਤੋਂ ਬਾਅਦ ਜਾਰੀ ਕੀਤੇ ਗਏ ਹਨ । ਵਿਭਾਗ ਦੇ ਡਾਇਰੈਕਟਰ (ਪਰਿਵਾਰ ਭਲਾਈ) ਵੱਲੋਂ ਜਾਰੀ ਇਕ ਅਧਿਕਾਰਤ ਪੱਤਰ ਅਨੁਸਾਰ ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪਰਚੀ `ਤੇ ਲਿਖੀ ਗਈ ਜਾਣਕਾਰੀ ਸਪੱਸ਼ਟ ਅਤੇ ਆਸਾਨੀ ਨਾਲ ਪੜ੍ਹੀ ਜਾ ਸਕੇ ।ਇਸ ਨਾਲ ਦਵਾਈਆਂ ਦੀ ਗਲਤ ਵੰਡ ਜਾਂ ਸਮਝਣ ਵਿਚ ਹੋਣ ਵਾਲੀਆਂ ਮੁਸ਼ਕਲਾਂ ਨੂੰ ਘੱਟ ਕੀਤਾ ਜਾ ਸਕੇਗਾ । ਇਹ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਅਤੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ, ਮੈਡੀਕਲ ਕਾਲਜਾਂ ਅਤੇ ਸਿਹਤ ਕੇਂਦਰਾਂ ਦੇ ਡਾਕਟਰਾਂ `ਤੇ ਲਾਗੂ ਹੋਣਗੇ। ਜਿਕਰਯੋਗ ਹੈ ਕਿ ਪਹਿਲਾਂ ਕੰਪਿਊਟਰਾਈਜ਼ਡ ਪਰਚੀ ਲਿਖਣ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਨਵੇਂ ਹੁਕਮਾਂ ਅਨੁਸਾਰ ਹੁਣ ਹੱਥ ਨਾਲ ਲਿਖੀ ਪਰਚੀ ਵੀ ਵੱਡੇ ਗੂੜ੍ਹੇ ਅੱਖਰਾਂ ਵਿਚ ਹੋਣੀ ਚਾਹੀਦੀ ਹੈ। ਵਿਭਾਗ ਨੇ ਸਾਰੇ ਸਿਵਲ ਸਰਜਨਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਦੇ ਸਾਰੇ ਡਾਕਟਰ ਇਨ੍ਹਾਂ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ।