ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਤੁਰੰਤ ਮੁਆਵਜ਼ਾ ਰਾਸ਼ੀ ਦੇ ਕੇ ਦੁੱਖ ਵੰਡਾਇਆ : ਗੁਰਲਾਲ ਘਨੌਰ
- by Jasbeer Singh
- November 11, 2025
ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਤੁਰੰਤ ਮੁਆਵਜ਼ਾ ਰਾਸ਼ੀ ਦੇ ਕੇ ਦੁੱਖ ਵੰਡਾਇਆ : ਗੁਰਲਾਲ ਘਨੌਰ ਵਿਧਾਇਕ ਗੁਰਲਾਲ ਘਨੌਰ ਨੇ ਮਿਸ਼ਨ ਚੜ੍ਹਦੀਕਲਾ ਤਹਿਤ ਹਲਕਾ ਘਨੌਰ ਦੇ 2113 ਲਾਭਪਾਤਰੀਆਂ ਨੂੰ 5 ਕਰੋੜ 15 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦੇ ਦਸਤਾਵੇਜ ਸੌਂਪੇ -ਘੱਗਰ ਦੀ ਮਾਰ ਹੇਠ ਆਏ ਖੇਤਾਂ 'ਚੋਂ ਮਿੱਟੀ ਚੁਕਵਾਉਣ ਲਈ 'ਜਿਸਦਾ ਖੇਤ, ਉਸਦੀ ਰੇਤ' ਸਕੀਮ ਦਾ ਲਾਭ ਲੈਣ ਕਿਸਾਨ-ਗੁਰਲਾਲ ਘਨੌਰ -ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੇਸ਼ 'ਚ ਸਭ ਤੋਂ ਵੱਧ ਮੁਆਵਜ਼ਾ ਰਾਸ਼ੀ ਤੇ ਕਣਕ ਦਾ ਬੀਜ ਦੇ ਕੇ ਕਿਸਾਨ ਤੇ ਪੰਜਾਬ ਹਿਤਾਇਸ਼ੀ ਹੋਣ ਦਾ ਸਬੂਤ ਦਿੱਤਾ -ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਸਮੇਂ ਸਿਰ ਬਾਂਹ ਫੜਨ ਲਈ ਕੀਤਾ ਧੰਨਵਾਦ ਘਨੌਰ, 11 ਨਵੰਬਰ 2025 : ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਅੱਜ ਆਪਣੇ ਹਲਕੇ ਦੇ ਘੱਗਰ ਦੀ ਮਾਰ ਹੇਠ ਆਏ ਤੇ ਹੜ੍ਹਾਂ ਦੇ ਝੰਬੇ 11 ਪਿੰਡਾਂ ਦੇ 2113 ਲਾਭਪਾਤਰੀਆਂ ਨੂੰ 5 ਕਰੋੜ 15 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਮਿਸ਼ਨ ਚੜ੍ਹਦੀਕਲਾ ਤਹਿਤ ਰੰਗਲਾ ਪੰਜਾਬ ਰਾਹੀਂ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਦੇ ਪੱਤਰ ਸੌਂਪੇ । ਉਨ੍ਹਾਂ ਦੇ ਨਾਲ ਪੀ. ਆਰ. ਟੀ. ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਤੇ ਐਸ. ਡੀ. ਐਮ. ਰਾਜਪੁਰਾ ਅਵਿਕੇਸ਼ ਗੁਪਤਾ ਸਮੇਤ ਹੋਰ ਅਧਿਕਾਰੀ ਤੇ ਪਤਵੰਤੇ ਮੌਜੂਦ ਸਨ । ਵਿਧਾਇਕ ਗੁਰਲਾਲ ਘਨੌਰ ਨੇ ਪਿੰਡ ਟਿਵਾਣਾ, ਤਾਜਲਪੁਰ, ਮਾੜੂ, ਸਰਾਲਾ ਕਲਾਂ, ਸਰਾਲਾ ਖੁਰਦ, ਕਮਾਲਪੁਰ, ਕਪੂਰੀ, ਰਾਮਪੁਰ, ਹਰਪਾਲਾਂ, ਲੋਹਸਿੰਬਲੀ ਅਤੇ ਜਮੀਤਗੜ੍ਹ ਵਿੱਚ 3478 ਏਕੜ ਰਕਬੇ ਦੇ ਖਰਾਬੇ ਦੇ ਮੁਆਵਜ਼ੇ ਦੀ ਸਹਾਇਤਾ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪੁਆਏ ਜਾਣ ਬਾਰੇ ਦਸਤਾਵੇਜ ਸੌਂਪੇ । ਇਸ ਮੌਕੇ ਵਿਧਾਇਕ ਗੁਰਲਾਲ ਨੇ ਕਿਹਾ ਕਿ ਘੱਗਰ ਦੀ ਸਮੱਸਿਆ ਸਦੀਆਂ ਤੋਂ ਚੱਲੀ ਆ ਰਹੀ ਹੈ ਪਰੰਤੂ ਇਸ ਦਾ ਪੱਕਾ ਹੱਲ ਨਹੀਂ ਹੋ ਸਕਿਆ, ਕਿਉਂਕਿ ਇਸ ਦਾ ਕਾਰਨ ਹੈ ਕਿ ਇਸ ਦਾ ਰਕਬਾ ਘਟ ਗਿਆ ਹੈ ਪਰੰਤੂ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਕਦੇ ਦਾ ਧਿਆਨ ਨਹੀਂ ਦਿੱਤਾ । ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 'ਜਿਸ ਦਾ ਖੇਤ ਉਸਦੀ ਰੇਤ' ਤਹਿਤ ਕਿਸਾਨਾਂ ਨੂੰ ਖੁੱਲ੍ਹ ਦਿੱਤੀ ਹੈ ਕਿ ਉਹ ਘੱਗਰ 'ਚ ਆਈ ਜਮੀਨ ਤੋਂ ਮਿੱਟੀ ਪੁੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਕਪੂਰੀ ਵਾਲੀ ਨਹਿਰ 'ਚ ਪਿੰਡ ਦੜਬਾ ਨੇੜੇ 10 ਕਿਲੋਮੀਟਰ ਤੱਕ ਪਾਣੀ ਚਲਦਾ ਕਰਨ ਲਈ ਕਿਸਾਨ ਆਪਣੀ ਸਹਿਮਤੀ ਦੇਣ ਤੇ ਅਗਲੀ ਫ਼ਸਲ ਨੂੰ ਇਸ ਨਹਿਰ ਦਾ ਪਾਣੀ ਲੱਗਦਾ ਕਰ ਦਿੱਤਾ ਜਾਵੇਗਾ । ਗੁਰਲਾਲ ਘਨੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਸਲ ਵਿੱਚ ਕਿਸਾਨਾਂ ਤੇ ਪੰਜਾਬ ਦੇ ਹਿਤਾਇਸ਼ੀ ਹਨ, ਕਿਉਂਕਿ ਉਨ੍ਹਾਂ ਨੇ ਦੇਸ਼ ਵਿੱਚ ਸਭ ਤੋਂ ਵੱਧ ਪ੍ਰਤੀ ਏਕੜ ਮੁਆਵਜ਼ਾ 20 ਹਜ਼ਾਰ ਰੁਪਏ ਦੇਣ ਸਮੇਤ ਕਿਸਾਨਾਂ ਨੂੰ ਕਣਕ ਦਾ ਬੀਜ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇਹ ਸਾਰੀ ਰਾਸ਼ੀ ਬਿਨ੍ਹਾਂ ਕਿਸੇ ਸਿਫ਼ਾਰਸ਼ ਤੋਂ ਪਾਰਦਰਸ਼ੀ ਢੰਗ ਨਾਲ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਾਈ ਗਈ ਹੈ । ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਵਿੱਚ ਸੂਬੇ ਦੇ ਲੋਕਾਂ ਦੀ ਬਾਂਹ ਫੜੀ ਅਤੇ ਬਾਅਦ ਵਿੱਚ ਮੁਆਵਜ਼ਾ ਰਾਸ਼ੀ ਤੇ ਹੋਰ ਸਹਾਇਤਾ ਦੇਣ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਹੈ । ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਪਹਿਲੀ ਅਜਿਹੀ ਸਰਕਾਰ ਹੈ, ਜਿਸ ਦੇ ਸਾਰੇ ਮੰਤਰੀ, ਵਿਧਾਇਕ ਤੇ ਅਹੁਦੇਦਾਰਾਂ ਸਮੇਤ ਅਧਿਕਾਰੀ, ਕਰਮਚਾਰੀ ਹਰ ਵੇਲੇ ਹੜ੍ਹਾਂ ਦੌਰਾਨ ਲੋਕਾਂ ਵਿੱਚ ਵਿਚਰੇ ਤੇ ਲੋਕਾਂ ਦੇ ਨਾਲ ਖੜ੍ਹੇ ਰਹੇ । ਇਸ ਦੌਰਾਨ ਵੱਡੀ ਗਿਣਤੀ ਇਲਾਕੇ ਦੇ ਕਿਸਾਨ, ਅਹੁਦੇਦਾਰ, ਪੰਚ-ਸਰਪੰਚ ਤੇ ਹੋਰ ਪਤਵੰਤੇ ਮੌਜੂਦ ਸਨ । ਹਲਕਾ ਘਨੌਰ ਦੇ ਹੜ੍ਹ ਪ੍ਰਭਾਵਿਤ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤਾਂ ਦੀ ਸਮੇਂ ਸਿਰ ਬਾਂਹ ਫੜਨ ਅਤੇ ਪਹਿਲਾਂ ਨਾਲੋਂ ਜ਼ਿਆਦਾ ਮੁਆਵਜ਼ਾ ਰਾਸ਼ੀ ਪਾਰਦਰਸ਼ੀ ਢੰਗ ਨਾਲ ਕਿਸਾਨਾਂ ਦੇ ਖਾਤਿਆਂ ਵਿੱਚ ਪੁਆਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ ।

