
ਪੰਜਾਬ ਜੇਲ੍ਹ ਵਿਭਾਗ ਵੱਲੋਂ ਸ਼ਰਧਾਂਜਲੀ ਅਰਪਿਤ ਕਰਨ ਲਈ ਸੂਬਾ ਪੱਧਰੀ ਸਮਾਗਮ ਕਰਵਾਇਆ
- by Jasbeer Singh
- October 21, 2025

ਪੰਜਾਬ ਜੇਲ੍ਹ ਵਿਭਾਗ ਵੱਲੋਂ ਸ਼ਰਧਾਂਜਲੀ ਅਰਪਿਤ ਕਰਨ ਲਈ ਸੂਬਾ ਪੱਧਰੀ ਸਮਾਗਮ ਕਰਵਾਇਆ ਪਟਿਆਲਾ, 21 ਅਕਤੂਬਰ 2025 : ਪੰਜਾਬ ਜੇਲ੍ਹ ਵਿਭਾਗ ਵੱਲੋਂ ਅੱਤਵਾਦ ਸਮੇਂ ਅਤੇ ਆਪਣੀ ਡਿਊਟੀ ਨਿਭਾਉਂਦੇ ਸ਼ਹੀਦ ਹੋਏ ਆਈ.ਜੀ. (ਜੇਲ੍ਹਾਂ), ਸਹਾਇਕ ਸੁਪਰਡੈਂਟ ਜੇਲਜ ਅਤੇ ਹੈਡਵਾਰਡਰ/ਵਾਰਡਰ ਰੈਂਕ ਦੇ 12 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਟਿਆਲਾ ਸਥਿਤ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਏ. ਡੀ. ਜੀ. ਪੀ. (ਜੇਲ੍ਹਾਂ) ਪੰਜਾਬ, ਅਰੁਨ ਪਾਲ ਸਿੰਘ, ਡੀ. ਆਈ. ਜੀ. (ਜੇਲ੍ਹਾਂ) ਹੈਡਕੁਆਟਰ ਮਨਮੋਹਨ ਕੁਮਾਰ, ਡੀ. ਆਈ. ਜੀ. (ਜੇਲ੍ਹਾਂ) ਪਟਿਆਲਾ ਸਰਕਲ ਦਲਜੀਤ ਸਿੰਘ ਰਾਣਾ ਅਤੇ ਡੀ. ਆਈ. ਜੀ. (ਜੇਲ੍ਹਾਂ) ਫਿਰੋਜਪੁਰ ਸਰਕਲ ਸਤਵੀਰ ਸਿੰਘ ਅਟਵਾਲ ਨੇ ਉਚੇਚੇ ਤੌਰ ਉਤੇ ਸ਼ਿਰਕਤ ਕੀਤੀ । ਇਸ ਮੌਕੇ ਏ. ਡੀ. ਜੀ. ਪੀ. (ਜੇਲ੍ਹਾਂ) ਪੰਜਾਬ, ਅਰੁਨ ਪਾਲ ਸਿੰਘ ਨੇ ਸ਼ਹੀਦੀ ਸਮਾਰਕ ਤੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਸ਼ਹੀਦਾਂ ਦੇ ਪਰਿਵਾਰਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਹਰ ਸੰਭਵ ਕੋਸ਼ਿਸ਼ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿਵਾਇਆ । ਅਰੁਨ ਪਾਲ ਸਿੰਘ ਨੇ ਕਿਹਾ ਕਿ ਸ਼ਹੀਦਾਂ ਲਈ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਹਰ ਇਕ ਜੇਲ੍ਹ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਇਮਾਨਦਾਰੀ ਨਾਲ ਅਤੇ ਨਿਰਭੈ ਹੋ ਕੇ ਨਿਭਾਵੇ।ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ, ਪਟਿਆਲਾ ਵਿਖੇ ਟ੍ਰੇਨਿੰਗ ਅਧੀਨ ਟ੍ਰੇਨੀਜ ਨਾਲ ਗੱਲਬਾਤ ਕਰਦਿਆਂ ਏਡੀਜੀਪੀ ਨੇ ਟ੍ਰੇਨੀਜ਼ ਨੂੰ ਇਕ ਚੰਗੇ ਜੇਲ੍ਹ ਕਰਮਚਾਰੀ ਬਣਨ ਦੇ ਗੁਣਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਸ਼ਹੀਦਾਂ ਤੋਂ ਪ੍ਰੇਰਨਾ ਲੈਂਦੇ ਹੋਏ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਦੀ ਨਸੀਹਤ ਦਿੱਤੀ । ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ, ਸੁਪਰਡੈਂਟ ਜੇਲਜ, ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ, ਪਟਿਆਲਾ ਦੇ ਸਟਾਫ ਅਤੇ ਟ੍ਰੇਨੀਜ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ । ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ । ਇਸ ਮੌਕੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਵਰੁਣ ਸ਼ਰਮਾ ਨੇ ਇਸ ਦਿਨ ਦੇ ਇਤਿਹਾਸ ਬਾਰੇ ਦੱਸਿਆ ਅਤੇ ਸ਼ਹੀਦਾਂ ਦੇ ਪਰਿਵਾਰਾ ਦਾ ਧੰਨਵਾਦ ਕੀਤਾ। ਇਸ ਰਾਜ ਪੱਧਰੀ ਸਮਾਗਮ ਦਾ ਮੰਚ ਸੰਚਾਲਨ ਵਾਇਸ ਪ੍ਰਿੰਸੀਪਲ ਮੁਕੇਸ਼ ਸ਼ਰਮਾ ਨੇ ਕੀਤਾ ।