ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤਾ ਪਨਸਪ ਦੇ ਸਾਬਕਾ ਜਿ਼ਲ੍ਹਾ ਮੈਨੇਜਰ ਜਗਨਦੀਪ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ
- by Jasbeer Singh
- September 23, 2024
ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤਾ ਪਨਸਪ ਦੇ ਸਾਬਕਾ ਜਿ਼ਲ੍ਹਾ ਮੈਨੇਜਰ ਜਗਨਦੀਪ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਜਿ਼ਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਬਹੁ-ਕਰੋੜੀ ਝੋਨਾ ਘੁਟਾਲੇ ਦੇ ਕੇਸ ਵਿੱਚ ਭਗੌੜੇ ਪਨਸਪ (ਲੁਧਿਆਣਾ) ਦੇ ਸਾਬਕਾ ਜਿ਼ਲ੍ਹਾ ਮੈਨੇਜਰ (ਡੀ.ਐਮ.) ਜਗਨਦੀਪ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਜਗਨਦੀਪ ਸਿੰਘ ਢਿੱਲੋਂ ਵੱਲੋਂ ਅੱਜ ਲੁਧਿਆਣਾ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤੇ ਜਾਣ ਉਪਰੰਤ ਵਿਜੀਲੈਂਸ ਬਿਊਰੋ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕੀਤਾ ਕਿ ਜਗਨਦੀਪ ਸਿੰਘ ਢਿੱਲੋਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਿੱਚ ਝੋਨੇ ਦੀ ਢੋਆ-ਢੁਆਈ ਦੇ ਟੈਂਡਰਾਂ ਨਾਲ ਸਬੰਧਤ ਘੁਟਾਲੇ ਵਿੱਚ ਪੁਲਿਸ ਨੂੰ ਲੋੜੀਂਦਾ ਸੀ। ਇਸ ਸਬੰਧ ਵਿੱਚ ਉਕਤ ਮੁਲਜ਼ਮ ਸਮੇਤ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਹੋਰ ਮੁਲਜ਼ਮਾਂ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਆਈ.ਪੀ.ਸੀ. ਦੀਆਂ ਧਾਰਾਵਾਂ 409, 467, 420 ਅਤੇ ਹੋਰ ਸਬੰਧਤ ਧਾਰਾਵਾਂ ਤੋਂ ਇਲਾਵਾ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7 ਅਤੇ 8 ਤਹਿਤ ਐਫ.ਆਈ.ਆਰ. ਨੰਬਰ 11 ਮਿਤੀ 16.08.2022 ਤਹਿਤ ਕੇਸ ਦਰਜ ਕੀਤਾ ਹੋਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਢਿੱਲੋਂ ਨੇ ਪਹਿਲਾਂ 18.09.2023 ਨੂੰ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਹਾਸਲ ਕੀਤੀ ਸੀ ਪਰ ਸੁਪਰੀਮ ਕੋਰਟ ਨੇ 16.07.2024 ਨੂੰ ਉਸਦੀ ਜ਼ਮਾਨਤ ਦੇ ਹੁਕਮ ਰੱਦ ਕਰ ਦਿੱਤੇ ਸਨ। ਉਦੋਂ ਤੋਂ ਹੀ ਢਿੱਲੋਂ ਡਿਊਟੀ ਤੋਂ ਗੈਰਹਾਜ਼ਰ ਚੱਲ ਰਿਹਾ ਸੀ, ਜਿਸ ਦੇ ਕਾਰਨ ਵਿਭਾਗ ਵੱਲੋਂ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਉਸ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।ਬੁਲਾਰੇ ਨੇ ਅੱਗੇ ਖੁਲਾਸਾ ਕੀਤਾ ਕਿ ਜਗਨਦੀਪ ਸਿੰਘ ਢਿੱਲੋਂ ਸਾਲ 2020-21 ਦੀ ਮਿਆਦ ਦੌਰਾਨ, ਜ਼ਿਲ੍ਹਾ ਟੈਂਡਰ ਕਮੇਟੀ ਦੇ ਮੈਂਬਰ ਵਜੋਂ ਘੁਟਾਲੇ ਵਿੱਚ ਸ਼ਾਮਲ ਕੁਝ ਠੇਕੇਦਾਰਾਂ ਦੇ ਟੈਂਡਰਾਂ ਨੂੰ ਅਪ੍ਰਵਾਨ ਕਰਨ ਵਿੱਚ ਅਸਫ਼ਲ ਰਿਹਾ। ਉਸ ਨੇ ਕਥਿਤ ਤੌਰ ’ਤੇ ਇਨ੍ਹਾਂ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਰਿਸ਼ਵਤ ਬਦਲੇ ਉਨ੍ਹਾਂ ਨੂੰ ਟੈਂਡਰਾਂ ਦੀ ਅਲਾਟਮੈਂਟ ਕਰਵਾਈ। ਇਸ ਤੋਂ ਇਲਾਵਾ ਢਿੱਲੋਂ ਨੇ ਸਬੰਧਤ ਪ੍ਰਕਿਰਿਆਵਾਂ ਦੀ ਉਲੰਘਣਾ ਕਰਦੇ ਹੋਏ ਕਮਿਸ਼ਨ ਏਜੰਟ (ਆੜ੍ਹਤੀਆਂ) ਕ੍ਰਿਸ਼ਨ ਲਾਲ ਅਤੇ ਅਨਿਲ ਜੈਨ ਦੀਆਂ ਦੁਕਾਨਾਂ ਤੋਂ ਅਨਾਜ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਸ਼ੈਲਰਾਂ ਵਿੱਚ ਤਬਦੀਲ ਕਰਕੇ ਸਟੇਟ ਕਸਟਮ ਮਿਲਿੰਗ ਨੀਤੀ ਦੀ ਧਾਰਾ 12(ਜੇ) ਦੀ ਉਲੰਘਣਾ ਕੀਤੀ।ਉਨ੍ਹਾਂ ਦੱਸਿਆ ਕਿ ਇਹ ਗੱਲ ਵੀ ਸਾਹਮਣੇ ਆਈ ਕਿ ਮੁਲਜ਼ਮਾਂ ਵਿੱਚੋਂ ਕ੍ਰਿਸ਼ਨ ਲਾਲ ਨੇ ਦੂਜੇ ਰਾਜਾਂ ਤੋਂ 2000 ਤੋਂ ਵੱਧ ਜੂਟ ਦਾ ਬਾਰਦਾਨਾ ਹਾਸਲ ਕੀਤਾ ਜਿਸ ਦੀ ਵਰਤੋਂ ਝੋਨੇ ਦੀ ਢੋਆ-ਢੁਆਈ ਲਈ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਆਪਣੀ ਸਾਜਿਸ਼ ਨੂੰ ਅੰਜ਼ਾਮ ਦੇਣ ਲਈ ਲ਼ਈ ਢਿੱਲੋਂ ਨੇ ਪਨਗ੍ਰੇਨ ਦੇ ਤਤਕਾਲੀ ਜ਼ਿਲ੍ਹਾ ਮੈਨੇਜਰ ਸਹਿ-ਮੁਲਜ਼ਮ ਸੁਰਿੰਦਰ ਬੇਰੀ ਨਾਲ ਮਿਲ ਕੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਅਸਰ-ਰਸੂਖ਼ ਦੀ ਮਦਦ ਨਾਲ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਲਤੋਂ ਅਤੇ ਧਾਂਦਰਾ ਦੀਆਂ ਅਨਾਜ ਮੰਡੀਆਂ ‘ਚੋਂ ਸਬੰਧਤ ਝੋਨੇ ਨੂੰ ਕਿਲ੍ਹਾ ਰਾਏਪੁਰ ਸੈਂਟਰ ਦੀ ਬਜਾਏ ਲੁਧਿਆਣਾ ਸੈਂਟਰ ਦੀਆਂ ਮੰਡੀਆਂ ਵਿੱਚ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਇਹ ਹੇਰਾਫੇਰੀ ਚੌਲ ਮਿੱਲਰਾਂ ਤੋਂ ਵੱਡੀ ਰਿਸ਼ਵਤ ਲੈਣ ਦੇ ਇਰਾਦੇ ਨਾਲ ਕੀਤੀ ਗਈ ਸੀ।ਤਫ਼ਤੀਸ਼ ਦੌਰਾਨ ਇਹ ਪਾਇਆ ਗਿਆ ਕਿ ਢਿੱਲੋਂ ਨੇ ਮਰਜ਼ੀ ਅਨੁਸਾਰ ਅਲਾਟਮੈਂਟ ਦੇ ਬਦਲੇ ਚੌਲ ਮਿੱਲਰਾਂ ਤੋਂ 3 ਰੁਪਏ ਤੋਂ 10 ਰੁਪਏ ਪ੍ਰਤੀ ਬੋਰੀ ਰਿਸ਼ਵਤ ਲਈ। ਇਸ ਤੋਂ ਇਲਾਵਾ ਉਸਨੇ ਗੇਟ ਪਾਸ ਦੀਆਂ ਰਜਿਸਟ੍ਰੇਸ਼ਨਾਂ ਵਿੱਚ ਗੜਬੜੀਆਂ ਨੂੰ ਵੀ ਨਜ਼ਰਅੰਦਾਜ਼ ਕੀਤਾ, ਜਿਸ ਵਿੱਚ ਟਰੱਕ ਦੇ ਨੰਬਰਾਂ ਦੀ ਬਜਾਏ ਸਕੂਟਰ ਅਤੇ ਮੋਟਰਸਾਈਕਲ ਦੇ ਨੰਬਰ ਦਰਜ ਸਨ। ਇਸ ਤਰ੍ਹਾਂ ਉਸਨੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਗੋਦਾਮਾਂ ਵਿੱਚ ਸਟੋਰ ਕੀਤੇ ਝੋਨੇ ਦੇ ਸਟਾਕ ਵਿੱਚ ਹੇਰਾਫੇਰੀ ਦੀ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ।ਉਨ੍ਹਾਂ ਅੱਗੇ ਦੱਸਿਆ ਕਿ ਲਗਾਤਾਰ ਛਾਪੇਮਾਰੀ ਅਤੇ ਵਿਜੀਲੈਂਸ ਬਿਊਰੋ ਦੇ ਵਧਦੇ ਦਬਾਅ ਤੋਂ ਬਾਅਦ ਢਿੱਲੋਂ ਨੇ ਕੋਈ ਹੋਰ ਬਦਲ ਨਾ ਦੇਖਦਿਆਂ ਅੱਜ ਲੁਧਿਆਣਾ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਅਤੇ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.