post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਵੱਲੋਂ ਡਾ. ਰਤਨ ਸਿੰਘ ਜੱਗੀ ਦੇ ਦੇਹਾਂਤ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ

post-img

ਪੰਜਾਬੀ ਯੂਨੀਵਰਸਿਟੀ ਵੱਲੋਂ ਡਾ. ਰਤਨ ਸਿੰਘ ਜੱਗੀ ਦੇ ਦੇਹਾਂਤ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਪਟਿਆਲਾ, 23 ਮਈ : ਉੱਘੇ ਖੋਜੀ ਅਤੇ ਵਿਦਵਾਨ ਡਾ. ਰਤਨ ਸਿੰਘ ਜੱਗੀ ਅੱਜ ਅਕਾਲ ਚਲਾਣਾ ਕਰ ਗਏ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੇ ਵਿਛੋੜੇ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ ।  ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ ਪਰਿਵਾਰ ਅਤੇ ਉਨ੍ਹਾਂ ਦੇ ਸਮੂਹ ਪਾਠਕਾਂ ਦੇ ਦੁੱਖ ਵਿੱਚ ਸ਼ਰੀਕ ਹੈ।  ਉਨ੍ਹਾਂ ਕਿਹਾ ਕਿ ਪੰਜਾਬੀ ਅਕਾਦਮਿਕ ਜਗਤ ਵਿੱਚ ਡਾ. ਜੱਗੀ ਵੱਲੋਂ ਪਾਏ ਗਏ ਯੋਗਦਾਨ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ । ਉਨ੍ਹਾਂ ਕਿਹਾ ਕਿ ਡਾ. ਜੱਗੀ ਜਿਹੀਆਂ ਸ਼ਖ਼ਸੀਅਤਾਂ ਦਾ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜੇ ਹੋਣਾ  ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਵਿਰਾਸਤ ਕਿੰਨੀ ਅਮੀਰ ਰਹੀ ਹੈ । ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਲੰਬਾ ਸਮਾਂ ਡਾ. ਜੱਗੀ ਦੀ ਕਰਮਭੂਮੀ ਰਹੀ ਹੈ। ਖੋਜ, ਸਮੀਖਿਆ ਅਤੇ ਚਿੰਤਨ ਦੇ ਵਧੇਰੇ ਕਾਰਜ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜ ਕੇ ਹੀ ਸੰਪੰਨ ਕੀਤੇ ਹਨ । ਪੰਜਾਬੀ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਲਾਈਫ਼ ਫੈਲੋਸ਼ਿਪ ਪ੍ਰਦਾਨ ਕੀਤੀ ਹੋਈ ਸੀ ।         ਜ਼ਿਕਰਯੋਗ ਹੈ ਕਿ ਡਾ. ਰਤਨ ਸਿੰਘ ਜੱਗੀ ਸਾਹਿਤ ਅਤੇ ਵਿਸ਼ੇਸ਼ ਤੌਰ ਉੱਤੇ ਗੁਰਮਤਿ ਸਾਹਿਤ ਦੇ ਖੇਤਰ ਵਿੱਚ ਵੱਡੇ ਵਿਦਵਾਨ ਸਨ। ਉਨ੍ਹਾਂ ਆਪਣੇ ਜੀਵਨ ਕਾਲ ਦਾ ਸੱਤ ਦਹਾਕਿਆਂ ਤੋਂ ਵੱਧ ਦਾ ਸਮਾਂ ਇਨ੍ਹਾਂ ਖੇਤਰਾਂ ਦੀ ਸੇਵਾ ਨੂੰ ਸਮਰਪਿਤ ਕੀਤਾ ਹੈ । ਉਨ੍ਹਾਂ ਵੱਲੋਂ ਰਚਿਤ ਗ੍ਰੰਥ 'ਪੰਜਾਬੀ ਸਾਹਿਤ ਸੰਦਰਭ ਕੋਸ਼', ਜੋ ਕਿ ਸਾਹਿਤ ਅਤੇ ਖੋਜ ਦੇ ਖੇਤਰ ਦਾ ਚਰਚਿਤ ਗ੍ਰੰਥ ਹੈ, ਨੂੰ 1994 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪ੍ਰਕਾਸ਼ਿਤ ਕਰਵਾਇਆ ਗਿਆ । ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਲਿਖਿਤ 'ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ' ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਹੀ ਛਾਪਿਆ। ਇਸੇ ਤਰ੍ਹਾਂ ਡਾ. ਜੱਗੀ ਵਲੋਂ 'ਗੁਰੂ ਗ੍ਰੰਥ ਵਿਸ਼ਵ ਕੋਸ਼' ਤਿਆਰ ਕੀਤਾ ਗਿਆ, ਜਿਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਛਾਪਿਆ। ਇਸ ਤੋਂ ਇਲਾਵਾ ਉਨ੍ਹਾਂ 'ਸਿੱਖ ਪੰਥ ਵਿਸ਼ਵਕੋਸ਼', 'ਅਰਥ ਬੋਧ ਸ਼੍ਰੀ ਗੁਰੂ ਗ੍ਰੰਥ ਸਾਹਿਬ' (ਪੰਜ ਭਾਗ) ਅਤੇ 'ਭਾਵ ਪ੍ਰਬੋਧਨੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ' ਆਦਿ ਬਹੁਤ ਸਾਰੇ ਮੁੱਲਵਾਨ ਗ੍ਰੰਥਾਂ ਅਤੇ ਪੁਸਤਕਾਂ ਦੀ ਰਚਨਾ ਕੀਤੀ ਜੋ ਪੰਜਾਬੀ ਯੂਨੀਵਰਸਿਟੀ ਵੱਲੋਂ ਹੀ ਪ੍ਰਕਾਸ਼ਿਤ ਹਨ ।

Related Post