ਪੰਜਾਬੀ ਯੂਨੀਵਰਸਿਟੀ ਦੇ ਅੰਡਰ-ਗਰੈਜੂਏਟ ਕੋਰਸਾਂ ਵਿੱਚ ਵੇਖਣ ਨੂੰ ਮਿਲਿਆ ਵੱਡਾ ਵਾਧਾ
- by Jasbeer Singh
- June 5, 2025
ਪੰਜਾਬੀ ਯੂਨੀਵਰਸਿਟੀ ਦੇ ਅੰਡਰ-ਗਰੈਜੂਏਟ ਕੋਰਸਾਂ ਵਿੱਚ ਵੇਖਣ ਨੂੰ ਮਿਲਿਆ ਵੱਡਾ ਵਾਧਾ - ਬੀ. ਫਾਰਮੇਸੀ, ਬੀ. ਕੌਮ.,ਅਤੇ ਇੰਜਨੀਅਰਿੰਗ ਜਿਹੇ ਵੱਖ-ਵੱਖ ਕੋਰਸਾਂ ਦੇ ਇੱਛੁਕ ਵਿਦਿਆਰਥੀਆਂ ਦੀ ਗਿਣਤੀ ਵਿੱਚ 12 ਤੋਂ 17 ਫ਼ੀਸਦੀ ਤੱਕ ਵਾਧਾ -ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਭਰੋਸੇ ਨੂੰ ਰੱਖਿਆ ਜਾਵੇਗਾ ਕਾਇਮ: ਡਾ. ਜਗਦੀਪ ਸਿੰਘ ਪਟਿਆਲਾ, 5 ਜੂਨ : ਪੰਜਾਬੀ ਯੂਨੀਵਰਸਿਟੀ ਵਿੱਚ ਇਸ ਵਾਰ ਨਵੇਂ ਸੈਸ਼ਨ ਦੌਰਾਨ ਵੱਖ-ਵੱਖ ਅੰਡਰ-ਗਰੈਜੂਏਟ ਕੋਰਸਾਂ ਵਿੱਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 12 ਫ਼ੀਸਦੀ ਤੋਂ ਵਧੇਰੇ ਵਾਧਾ ਸਾਹਮਣੇ ਆਇਆ ਹੈ। ਅੰਡਰ ਗਰੈਜੂਏਟ ਕੋਰਸਾਂ ਵਿੱਚ ਦਾਖ਼ਲੇ ਸਬੰਧੀ ਵੱਖ-ਵੱਖ ਵਿਭਾਗਾਂ ਵਿੱਚ ਚੱਲ ਰਹੀ ਇੰਟਰਵਿਊ/ਕੌਂਸਲਿੰਗ ਪ੍ਰਕਿਰਿਆ ਮੌਕੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਅੱਜ ਵੱਖ-ਵੱਖ ਥਾਵਾਂ ਦਾ ਦੌਰਾ ਕਰਦਿਆਂ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਯੂਨੀਵਰਸਿਟੀ ਦਾਖ਼ਲਾ ਲੈਣ ਪੁੱਜੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ਼ ਗੱਲਬਾਤ ਕਰ ਕੇ ਉਨ੍ਹਾਂ ਦੇ ਵਿਚਾਰ ਅਤੇ ਸਮੱਸਿਆਵਾਂ ਬਾਰੇ ਵੀ ਜਾਣਿਆ। ਡਾ. ਜਗਦੀਪ ਸਿੰਘ ਨੇ ਕਿਹਾ ਯੂਨੀਵਰਸਿਟੀ ਲਈ ਇਹ ਖੁਸ਼ੀ ਵਾਲ਼ੀ ਗੱਲ ਹੈ ਕਿ ਸਾਰੇ ਕੋਰਸਾਂ ਵਿੱਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਵਿਖਾਈ ਜਾ ਰਹੇ ਭਰੋਸੇ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਜਵੇਗਾ। ਯੂਨੀਵਰਸਿਟੀ ਵਿੱਚ ਅਕਾਦਮਿਕ ਮਾਹੌਲ ਦੀ ਬਿਹਤਰੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਕੇਂਦਰੀ ਦਾਖ਼ਲਾ ਸੈੱਲ ਦੇ ਡਾਇਰੈਕਟਰ ਡਾ. ਗੁਲਸ਼ਨ ਬਾਂਸਲ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਬੀ. ਫਾਰਮੇਸੀ, ਬੀ. ਕੌਮ., ਬੈਚੁਲਰ ਆਫ਼ ਫਿਜ਼ਿਓਥੈਰੇਪੀ, ਹੋਟਲ ਮੈਨੇਜਮੈਂਟ ਅਤੇ ਇੰਜਨੀਅਰਿੰਗ ਦੇ ਵੱਖ-ਵੱਖ ਕੋਰਸਾਂ ਵਿੱਚ ਪ੍ਰਾਪਤ ਹੋਣ ਵਾਲ਼ੀਆਂ ਅਰਜ਼ੀਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 12 ਤੋਂ 17 ਫ਼ੀਸਦੀ ਵਾਧਾ ਵੇਖਣ ਨੂੰ ਮਿਲਿਆ ਹੈ। ਇਸੇ ਤਰ੍ਹਾਂ ਆਰਟਸ ਅਤੇ ਵਿਗਿਆਨ ਅਤੇ ਖਾਸ ਤੌਰ ਉੱਤੇ ਅਰਥ ਸ਼ਾਸਤਰ, ਅੰਗਰੇਜ਼ੀ, ਇਤਿਹਾਸ, ਰਾਜਨੀਤੀ ਸ਼ਾਸਤਰ, ਮਨੋਵਿਗਿਆਨ, ਪੰਜਾਬੀ, ਬਾਇਓਟੈਕਨੌਲਜੀ ਅਤੇ ਰਸਾਇਣ ਵਿਗਿਆਨ ਵਿੱਚ ਵੀ ਪਿਛਲੇ ਸਾਲ ਨਾਲ਼ੋਂ ਵਾਧਾ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲ਼ੇ ਦਿਨਾਂ ਵਿੱਚ ਹੋਰ ਅਰਜ਼ੀਆਂ ਆਉਣ ਦੀ ਵੀ ਉਮੀਦ ਹੈ।
