post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਨੇ ਈਰਾਨ ਦੀ ਅਲ ਮੁਸਤਫ਼ਾ ਇੰਟਰਨੈਸ਼ਨਲ ਯੂਨੀਵਰਸਿਟੀ ਨਾਲ਼ ਕੀਤਾ ਇਕਰਾਰਨਾਮਾ

post-img

ਪੰਜਾਬੀ ਯੂਨੀਵਰਸਿਟੀ ਨੇ ਈਰਾਨ ਦੀ ਅਲ ਮੁਸਤਫ਼ਾ ਇੰਟਰਨੈਸ਼ਨਲ ਯੂਨੀਵਰਸਿਟੀ ਨਾਲ਼ ਕੀਤਾ ਇਕਰਾਰਨਾਮਾ - ਫ਼ਾਰਸੀ, ਅਰਬੀ ਅਤੇ ਉਰਦੂ ਭਾਸ਼ਾ ਦੇ ਖੇਤਰ ਵਿੱਚ ਉਲੀਕੇ ਜਾਣਗੇ ਵਿਸ਼ੇਸ਼ ਪ੍ਰਾਜੈਕਟ ਪਟਿਆਲਾ, 14 ਨਵੰਬਰ : ਪੰਜਾਬੀ ਯੂਨੀਵਰਸਿਟੀ ਵੱਲੋਂ ਈਰਾਨ ਦੀ ਅਲ ਮੁਸਤਫ਼ਾ ਇੰਟਰਨੈਸ਼ਨਲ ਯੂਨੀਵਰਸਿਟੀ ਨਾਲ਼ ਇੱਕ ਅਕਾਦਮਿਕ ਇਕਰਾਰਨਾਮਾ (ਐੱਮ. ਓ. ਯੂ.) ਕੀਤਾ ਗਿਆ ਹੈ । ਇਸ ਇਕਰਾਰਨਾਮੇ ਉੱਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਅਤੇ ਫ਼ਾਰਸੀ, ਉਰਦੂ ਅਤੇ ਅਰਬੀ ਵਿਭਾਗ ਦੇ ਮੁਖੀ ਡਾ. ਰਹਿਮਾਨ ਅਖ਼ਤਰ ਵੱਲੋਂ ਹਸਤਾਖ਼ਰ ਕੀਤੇ ਗਏ। ਦੂਜੇ ਪਾਸੇ ਅਲ ਮੁਸਤਫ਼ਾ ਇੰਟਰਨੈਸ਼ਨਲ ਯੂਨਵਿਰਸਿਟੀ ਤੋਂ ਪੁੱਜੇ ਪ੍ਰਤੀਨਿਧ ਡਾ. ਰਜ਼ਾ ਸ਼ਕੈਰੀ ਨੇ ਹਸਤਾਖ਼ਰ ਕੀਤੇ । ਪ੍ਰੋ. ਸੰਜੀਵ ਪੁਰੀ ਨੇ ਦੱਸਿਆ ਕਿ ਦੋਹੇਂ ਅਦਾਰਿਆਂ ਦਰਮਿਆਨ ਸਿੱਖਿਆ, ਖੋਜ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਆਪਸੀ ਅਕਾਦਮਿਕ ਸਹਿਯੋਗ ਪੈਦਾ ਕਰਨ ਦੇ ਮਕਸਦ ਨਾਲ਼ ਇਹ ਇਕਰਾਰਨਾਮਾ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਇਕਰਾਰਨਾਮੇ ਤਹਿਤ ਦੋਹੇਂ ਯੂਨੀਵਰਸਿਟੀਆਂ ਅਕਾਦਮਿਕ ਖੇਤਰ ਵਿੱਚ ਸਾਂਝੇ ਪ੍ਰੋਗਰਾਮ ਉਲੀਕ ਸਕਣਗੀਆਂ ਜਿਸ ਨਾਲ਼ ਵਿਦਿਆਰਥੀਆਂ ਅਤੇ ਫ਼ੈਕਲਟੀ ਨੂੰ ਲਾਭ ਹੋਵੇਗਾ । ਫਾਰਸੀ, ਉਰਦੂ ਅਤੇ ਅਰਬੀ ਵਿਭਾਗ ਦੇ ਮੁਖੀ ਡਾ. ਰਹਿਮਾਨ ਅਖ਼ਤਰ ਨੇ ਦੱਸਿਆ ਕਿ ਇਸ ਇਕਰਾਰਨਾਮੇ ਤਹਿਤ ਵਿਸ਼ੇਸ਼ ਤੌਰ ਉੱਤੇ ਫਾਰਸੀ, ਅਰਬੀ ਅਤੇ ਉਰਦੂ ਭਾਸ਼ਾ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਜੈਕਟ ਉਲੀਕੇ ਜਾਣਗੇ। ਦੋਹੇਂ ਯੂਨੀਵਰਸਿਟੀਆਂ ਵੱਲੋਂ ਅੰਡਰ-ਗਰੈਜੂਏਟ ਪੱਧਰ ਦੇ ਵਿਦਿਆਰਥੀਆਂ ਲਈ ਸਪਲੀਮੈਂਟਰੀ ਕੋਰਸ ਕਰਵਾਏ ਜਾਣ ਦੇ ਵੀ ਯਤਨ ਕੀਤੇ ਜਾਣਗੇ । ਦੋਹੇਂ ਯੂਨੀਵਰਸਿਟੀਆਂ ਸਾਂਝੇ ਤੌਰ ਉੱਤੇ ਕਾਨਫ਼ਰੰਸਾਂ, ਸੈਮੀਨਾਰ ਅਤੇ ਹੋਰ ਅਕਾਦਮਿਕ ਇਕੱਤਰਤਾਵਾਂ ਆਯੋਜਿਤ ਕੀਤੀਆਂ ਜਾਣਗੀਆਂ । ਦੋਹੇਂ ਅਦਾਰੇ ਇਸ ਇਕਰਾਰਨਾਮੇ ਤਹਿਤ ਅਕਾਦਮਿਕ ਖੇਤਰ ਦੀ ਸਮੱਗਰੀ ਦੇ ਸਰੋਤ ਵੀ ਇੱਕ ਦੂਜੇ ਨਾਲ਼ ਸਾਂਝੇ ਕਰ ਸਕਣਗੇ । ਡਾਇਰੈਕਟਰ ਯੋਜਨਾ ਅਤੇ ਨਿਰੀਖਣ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਇਕਰਾਰਨਾਮਾ 10 ਸਾਲ ਦੀ ਮਿਆਦ ਤੱਕ ਲਾਗੂ ਰਹੇਗਾ । ਦੋਹੇਂ ਅਦਾਰੇ ਆਪਸੀ ਸਹਿਮਤੀ ਦੇ ਅਧਾਰ ਉੱਤੇ ਇਸ ਦੀਆਂ ਸ਼ਰਤਾਂ ਵਿੱਚ ਸੋਧਾਂ ਵੀ ਕਰ ਸਕਣਗੇ ।

Related Post