
ਆਰ. ਜੀ ਕਾਰ ਮਾਮਲੇ ਵਿਚ ਅਦਾਲਤ ਕਰੇਗੀ 11 ਨਵੰਬਰ ਤੋਂ ਰੋਜ਼ਾਨਾ ਸੁਣਵਾਈ
- by Jasbeer Singh
- November 5, 2024

ਆਰ. ਜੀ ਕਾਰ ਮਾਮਲੇ ਵਿਚ ਅਦਾਲਤ ਕਰੇਗੀ 11 ਨਵੰਬਰ ਤੋਂ ਰੋਜ਼ਾਨਾ ਸੁਣਵਾਈ ਕੋਲਕਾਤਾ : ਆਰ. ਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ `ਚ ਇਕ ਸਿਖਲਾਈ ਪ੍ਰਾਪਤ ਮਹਿਲਾ ਡਾਕਟਰ ਦੀ ਲਾਸ਼ ਮਿਲਣ ਤੋਂ 87 ਦਿਨਾਂ ਬਾਅਦ ਇਕ ਸਥਾਨਕ ਅਦ਼ਾਲਤ ਨੇ ਸੋਮਵਾਰ ਨੂੰ ਮੁੱਖ ਮੁਲਜ਼ਮ ਸੰਜੇ ਰਾਏ ਵਿਰੁਧ ਦੋਸ਼ ਤੈਅ ਕੀਤੇ ਹਨ । ਹਾਲਾਂਕਿ ਰਾਏ ਨੇ ਖ਼ੁਦ ਨੂੰ ਬੇਗੁਨਾਹ ਦਸਦਿਆਂ ਉਸ ਨੂੰ ਇਸ ਕੇਸ `ਚ ਫਸਾਏ ਜਾਣ ਦਾ ਦਾਅਵਾ ਕੀਤਾ ਸੀ । ਅਦਾਲਤ ਨੇ ਐਲਾਨ ਕੀਤਾ ਕਿ ਮਾਮਲੇ ਦੀ ਸੁਣਵਾਈ 11 ਨਵੰਬਰ ਤੋਂ ਰੋਜ਼ਾਨਾ ਆਧਾਰ `ਤੇ ਹੋਵੇਗੀ । ਰਾਏ `ਤੇ ਭਾਰਤੀ ਨਿਆਂ ਜਾਬਤਾ (ਬੀ. ਐਨ. ਐਸ.) ਦੀਆਂ ਵੱਖ-ਵੱਖ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਜਦੋਂ ਰਾਏ ਨੂੰ ਅਦਾਲਤ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਕਿਹਾ ਕਿ ਮੈਂ ਕੁੱਝ ਨਹੀਂ ਕੀਤਾ ਬਲਕਿ ਮੈਨੂੰ ਇਸ ਜਬਰ ਜਨਾਹ-ਕਤਲ ਕੇਸ `ਚ ਫਸਾਇਆ ਗਿਆ ਹੈ । ਕੋਈ ਵੀ ਮੇਰੀ ਗੱਲ ਨਹੀਂ ਸੁਣ ਰਿਹਾ। ਸਰਕਾਰ ਮੈਨੂੰ ਫਸਾ ਰਹੀ ਹੈ ਅਤੇ ਮੈਨੂੰ ਅਪਣਾ ਮੂੰਹ ਨਾ ਖੋਲ੍ਹਣ ਦੀ ਧਮਕੀ ਦੇ ਰਹੀ ਹੈ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਪਿਛਲੇ ਮਹੀਨੇ ਦਾਇਰ ਮੁੱਢਲੀ ਚਾਰਜਸ਼ੀਟ `ਚ ਰਾਏ ਨੂੰ ਇਸ ਮਾਮਲੇ `ਚ ਇਕਲੋਤਾ ਮੁੱਖ ਮੁਲਜ਼ਮ ਦਸਿਆ ।