ਆਰ. ਬੀ. ਆਈ. ਨੇ ਬੈਂਕਾਂ ਲਈ ਨਵੇਂ ਨਿਯਮ ਕੀਤੇ ਜਾਰੀ ਨਵੀਂ ਦਿੱਲੀ, 2 ਦਸੰਬਰ 2025 : ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵਪਾਰਕ ਬੈਂਕਾਂ `ਚ ਜਮ੍ਹਾ ਖਾਤਿਆਂ ਦੀਆਂ ਵਿਆਜ ਦਰਾਂ ਨਾਲ ਜੁੜੇ ਮਹੱਤਵਪੂਰਨ ਬਦਲਾਵਾਂ ਦਾ ਐਲਾਨ ਕੀਤਾ ਹੈ। ਇਕ ਲੱਖ ਤੱਕ ਦੀ ਜਮ੍ਹਾ ਰਾਸ਼ੀ `ਤੇ ਸਾਰੇ ਬੈਂਕ ਇਕੋ ਜਿਹਾ ਵਿਆਜ ਦੇਣਗੇ ਨਵੇਂ ਨਿਯਮ ਤਹਿਤ ਬੱਚਤ ਖਾਤਿਆਂ ਵਿਚ 1 ਲੱਖ ਰੁਪਏ ਤੱਕ ਦੀ ਜਮ੍ਹਾ ਰਾਸ਼ੀ `ਤੇ ਹੁਣ ਸਾਰੇ ਬੈਂਕ ਇਕੋ ਜਿਹਾ ਵਿਆਜ ਦਰ ਦੇਣਗੇ। ਇਸ ਨਾਲ ਗਾਹਕਾਂ ਨੂੰ ਵੱਖ-ਵੱਖ ਬੈਂਕਾਂ ਵਿਚ ਜਮ੍ਹਾ ਰਾਸ਼ੀ `ਤੇ ਵਿਆਜ ਦਰਾਂ `ਚ ਹੋਣ ਵਾਲੇ ਅੰਤਰ ਤੋਂ ਛੁਟਕਾਰਾ ਮਿਲੇਗਾ । ਆਰ. ਬੀ. ਆਈ. ਅਨੁਸਾਰ 1 ਲੱਖ ਰੁਪਏ ਤੋਂ ਵੱਧ ਰਾਸ਼ੀ `ਤੇ ਬੈਂਕ ਆਪਣੀ ਨੀਤੀ ਅਤੇ ਸਹੂਲਤਾਂ ਅਨੁਸਾਰ ਵਿਆਜ ਨਿਰਧਾਰਤ ਕਰ ਸਕਣਗੇ। ਹੁਣ ਤੱਕ ਵੱਖ-ਵੱਖ ਬੈਂਕ ਛੋਟੀ ਜਮ੍ਹਾ ਰਾਸ਼ੀ `ਤੇ ਵੀ ਵੱਖ-ਵੱਖ ਵਿਆਜ ਦਰਾਂ ਲਾਗੂ ਕਰਦੇ ਸਨ, ਜਿਸ ਨਾਲ ਗਾਹਕਾਂ `ਚ ਅਸਮਾਨਤਾ ਪੈਦਾ ਹੁੰਦੀ ਸੀ । ਬੱਚਤ ਖਾਤਿਆਂ `ਤੇ ਵਿਆਜ ਰੋਜ਼ਾਨਾ ਆਧਾਰ `ਤੇ ਖਾਤੇ `ਚ ਉਪਲੱਬਧ ਰਕਮ ਦੇ ਹਿਸਾਬ ਨਾਲ ਤੈਅ ਹੋਵੇਗਾ ਨਵੇਂ ਨਿਰਦੇਸ਼ਾਂ `ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਬੱਚਤ ਖਾਤਿਆਂ `ਤੇ ਵਿਆਜ ਰੋਜ਼ਾਨਾ ਆਧਾਰ `ਤੇ ਖਾਤੇ `ਚ ਉਪਲੱਬਧ ਰਕਮ ਦੇ ਹਿਸਾਬ ਨਾਲ ਤੈਅ ਹੋਵੇਗਾ ਅਤੇ ਬੈਂਕਾਂ ਨੂੰ ਹਰ ਤਿੰਨ ਮਹੀਨਿਆਂ `ਚ ਇਕ ਵਾਰ ਵਿਆਜ ਗਾਹਕਾਂ ਦੇ ਖਾਤੇ `ਚ ਜਮ੍ਹਾ ਕਰਨਾ ਲਾਜ਼ਮੀ ਹੋਵੇਗਾ । ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਇਹ ਕਦਮ ਗਾਹਕਾਂ ਦੇ ਹਿੱਤਾਂ ਦੀ ਸੁਰੱਖਿਆ, ਬੈਂਕਿੰਗ ਸੇਵਾਵਾਂ `ਚ ਪਾਰਦਰਸਿ਼ਤਾ ਅਤੇ ਜਮ੍ਹਾ ਖਾਤੇ ਦੀ ਵਿਆਜ ਪ੍ਰਣਾਲੀ `ਚ ਬਰਾਬਰੀ ਯਕੀਨੀ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਆਰ. ਬੀ. ਆਈ. ਨੂੰ ਉਮੀਦ ਹੈ ਕਿ ਇਸ ਨਾਲ ਬੈਂਕਿੰਗ ਖੇਤਰ `ਚ ਮੁਕਾਬਲੇਬਾਜ਼ੀ ਸੰਤੁਲਿਤ ਹੋਵੇਗੀ ਅਤੇ ਛੋਟੇ ਜਮ੍ਹਾਕਰਤਾਵਾਂ ਨੂੰ ਲਾਭ ਮਿਲੇਗਾ ।
