ਆਰ. ਬੀ. ਆਈ. ਦੀ ਮਾਨੇਟਰੀ ਪਾਲਿਸੀ ਕਮੇਟੀ ਦੀ ਬੈਠਕ ਸ਼ੁਰੂ ਮੁੰਬਈ, 4 ਦਸੰਬਰ 2025 : ਮਾਨੇਟਰੀ ਪਾਲਿਸੀ ਤੈਅ ਕਰਨ ਵਾਲੀ ਮਾਨੇਟਰੀ ਪਾਲਿਸੀ ਕਮੇਟੀ (ਐੱਮ. ਪੀ. ਸੀ.) ਦੀ ਤਿੰਨ ਦਿਨਾ ਬੈਠਕ ਬੁੱਧਵਾਰ ਨੂੰ ਸ਼ੁਰੂ ਹੋ ਗਈ । ਬੈਠਕ ਵਿਚ ਰੈਪੋ ਦਰ ਵਿਚ 0.25 ਫ਼ੀਸਦੀ ਕਟੌਤੀ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਪਰ ਕੁਝ ਮਾਹਰ ਸਥਿਤੀ ਜਿਓਂ ਦੀ ਤਿਓਂ ਕਾਇਮ ਰਹਿਣ ਦੀ ਵੀ ਉਮੀਦ ਪ੍ਰਗਟਾਅ ਰਹੇ ਹਨ। 6 ਮੈਂਬਰੀ ਐੱਮ. ਪੀ. ਸੀ. ਦਾ ਫੈਸਲਾ ਸ਼ੁੱਕਰਵਾਰ ਨੂੰ ਜਾਵੇਗਾ ਐਲਾਨਿਆ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸੰਜੇ ਮਲਹੋਤਰਾ ਦੀ ਪ੍ਰਧਾਨਗੀ ਵਾਲੀ 6 ਮੈਂਬਰੀ ਐੱਮ. ਪੀ. ਸੀ. ਦਾ ਫੈਸਲਾ ਸ਼ੁੱਕਰਵਾਰ ਨੂੰ ਐਲਾਨਿਆ ਜਾਵੇਗਾ। ਹਰ ਦੋ ਮਹੀਨਿਆਂ ਬਾਅਦ ਹੋਣ ਵਾਲੀ ਇਹ ਸਮੀਖਿਆ ਬੈਠਕ ਪ੍ਰਚੂਨ ਮਹਿੰਗਈ `ਚ ਲਗਾਤਾਰ ਨਰਮੀ, ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) `ਚ ਉੱਚੀ ਵਾਧਾ ਦਰ, ਡਾਲਰ ਦੇ ਮੁਕਾਬਲੇ ਰੁਪਏ ਦਾ ਭਾਅ 90 ਤੋਂ ਪਾਰ ਚਲੇ ਜਾਣ ਅਤੇ ਗਲੋਬਲ ਭੂ-ਸਿਆਸੀ ਤਣਾਅ ਦਰਮਿਆਨ ਹੋ ਰਹੀ ਹੈ। ਆਰ. ਬੀ. ਆਈ. ਨੇ ਇਸ ਸਾਲ ਫਰਵਰੀ ਤੋਂ ਜੂਨ ਦੌਰਾਨ 3 ਕਿਸ਼ਤਾਂ `ਚ ਰੈਪੋ ਦਰ `ਚ ਕੁੱਲ 1 ਫ਼ੀਸਦੀ ਅੰਕ ਦੀ ਕਟੌਤੀ ਕੀਤੀ ਸੀ ।
