post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਵਿਖੇ 'ਰਿਸਰਚ ਮੈਥਡੌਲਜੀ (ਵਿਗਿਆਨ ਅਤੇ ਕਲਾਵਾਂ)' ਵਿਸ਼ੇ ਉੱਤੇ ਰਿਫ਼ਰੈਸ਼ਰ ਕੋਰਸ ਸੰਪੰਨ

post-img

ਪੰਜਾਬੀ ਯੂਨੀਵਰਸਿਟੀ ਵਿਖੇ 'ਰਿਸਰਚ ਮੈਥਡੌਲਜੀ (ਵਿਗਿਆਨ ਅਤੇ ਕਲਾਵਾਂ)' ਵਿਸ਼ੇ ਉੱਤੇ ਰਿਫ਼ਰੈਸ਼ਰ ਕੋਰਸ ਸੰਪੰਨ ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਯੂ. ਜੀ. ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵੱਲੋਂ 'ਰਿਸਰਚ ਮੈਥਡੌਲਜੀ (ਵਿਗਿਆਨ ਅਤੇ ਕਲਾਵਾਂ)' ਵਿਸ਼ੇ ਉੱਤੇ ਕਰਵਾਇਆ ਗਿਆ ਰਿਫ਼ਰੈਸ਼ਰ ਕੋਰਸ ਅੱਜ ਸੰਪੰਨ ਹੋ ਗਿਆ ਹੈ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਨਲਾਈਨ ਵਿਧੀ ਰਾਹੀਂ ਹੋਏ ਇਸ ਦੇ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਆਈ. ਆਈ. ਟੀ. ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਨੇ ਕੀਤੀ । ਪ੍ਰੋ. ਰਾਜੀਵ ਆਹੂਜਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਇਸ ਪ੍ਰੋਗਰਾਮ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਪ੍ਰੋਗਰਾਮ ਵੱਖ-ਵੱਖ ਸੰਸਥਾਵਾਂ ਦੇ ਸਿੱਖਿਅਕਾਂ ਲਈ ਆਪਸੀ ਸੂਝ-ਬੂਝ ਦੀ ਸਾਂਝ ,ਅਕਾਦਮਿਕ ਸਹਿਯੋਗ ਕਰਨ ਅਤੇ ਸਮੂਹਿਕ ਤੌਰ 'ਤੇ ਆਪਣੀ ਮੁਹਾਰਤ ਨੂੰ ਵਧਾਉਣ ਲਈ ਇੱਕ ਬਹੁਤ ਹੀ ਵਧੀਆ ਅਤੇ ਵਿਲੱਖਣ ਪਲੇਟਫਾਰਮ ਹੈ । ਉਨ੍ਹਾਂ ਕਿਹਾ ਕਿ ਅਧਿਆਪਕ ਦੇਸ ਦੇ ਨਿਰਮਾਤਾ ਹੁੰਦੇ ਹਨ । ਉਹ ਵਿਦਿਆਰਥੀਆਂ ਲਈ ਆਦਰਸ਼ ਰੋਲ ਮਾਡਲ ਹੋਣੇ ਚਾਹੀਦੇ ਹਨ । ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਯੂਨੀਵਰਸਿਟੀ ਕਾਲਜ ਆਫ਼ ਇੰਜਨੀਅਰਿੰਗ ਤੋਂ ਡਾ. ਕੁਲਵਿੰਦਰ ਸਿੰਘ ਮੱਲ੍ਹੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇੱਕ ਅਧਿਆਪਕ ਦੀ ਜ਼ਿੰਦਗੀ ਵਿੱਚ ਰਿਫਰੈਸ਼ਰ ਕੋਰਸ ਦੀ ਬਹੁਤ ਮਹੱਤਤਾ ਹੁੰਦੀ ਹੈ । ਅਧਿਆਪਕ ਇਨ੍ਹਾਂ ਕੋਰਸਾਂ ਰਾਹੀਂ ਹੀ ਗਿਆਨ ਵਿਗਿਆਨ ਅਤੇ ਤਕਨਾਲੋਜੀ ਦੇ ਨਵੇ ਰੁਝਾਨਾਂ ਨਾਲ ਜੁੜਦੇ ਹਨ । ਉਨ੍ਹਾਂ ਇਸ ਕਦਮ ਲਈ ਪੰਜਾਬੀ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਦੀ ਸ਼ਲਾਘਾ ਕੀਤੀ । ਉਨ੍ਹਾਂ ਇਸ ਕੋਰਸ ਨਾਲ਼ ਜੁੜੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੀਆਂ ਖੋਜਾਂ ਮਿਆਰੀ ਰਸਾਲਿਆਂ ਵਿੱਚ ਛਪਵਾਉਣ । ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਸੈਂਟਰ ਵੱਲੋਂ ਕਰਵਾਈਆਂ ਜਾ ਰਹੀਆਂ ਵੱਖ ਵੱਖ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਅਤੇ ਇਸ ਸਬੰਧ ਵਿੱਚ ਯੂਜੀਸੀ ਦਿਸ਼ਾ-ਨਿਰਦੇਸ਼ਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਰਿਫ਼ਰੈਸ਼ਰ ਕੋਰਸ ਦੇ ਕੋਆਰਡੀਨੇਟਰ ਡਾ. ਰਿਚਾ ਸ੍ਰੀ ਅਤੇ ਕੋ-ਕੋਆਰਡੀਨੇਟਰ ਪ੍ਰੋ. ਹਰਪ੍ਰੀਤ ਕੌਰ ਵੱਲੋਂ ਵੀ ਆਪਣੇ ਆਪਣੇ ਵਿਚਾਰ ਪ੍ਰਗਟਾਏ ਗਏ । ਅੰਤ ਵਿੱਚ, ਪ੍ਰੋ. ਰਮਨ ਮੈਣੀ ਨੇ ਸਹਾਇਕ ਸਟਾਫ਼ ਮਨਦੀਪ ਸਿੰਘ, ਸ੍ਰ. ਦਿਆਲ ਦੱਤ, ਸ੍ਰੀ. ਸੁਰਿੰਦਰ ਸਿੰਘ, ਸ਼੍ਰੀਮਤੀ ਕਾਂਤਾ ਰਾਣੀ, ਸ਼੍ਰੀ. ਮਹਾਵੀਰ ਸਿੰਘ, ਅਤੇ ਸ੍ਰੀ. ਸੁਰਿੰਦਰ ਕੁਮਾਰ ਆਦਿ ਦੇ ਸਮਰਪਿਤ ਯਤਨਾਂ ਲਈ ਡੂੰਘੀ ਪ੍ਰਸ਼ੰਸਾ ਪ੍ਰਗਟ ਕੀਤੀ ।

Related Post