ਸਹਾਰਾ ਗਰੁੱਪ ਦੇ ਨਿਵੇਸ਼ਕਾਂ ਨੂੰ ਹੁਣ ਤੱਕ 6,841.86 ਕਰੋੜ ਰੁਪਏ ਵਾਪਸ ਕੀਤੇ ਗਏ : ਸ਼ਾਹ
- by Jasbeer Singh
- December 3, 2025
ਸਹਾਰਾ ਗਰੁੱਪ ਦੇ ਨਿਵੇਸ਼ਕਾਂ ਨੂੰ ਹੁਣ ਤੱਕ 6,841.86 ਕਰੋੜ ਰੁਪਏ ਵਾਪਸ ਕੀਤੇ ਗਏ : ਸ਼ਾਹ ਨਵੀਂ ਦਿੱਲੀ, 3 ਦਸੰਬਰ 2025 : ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਹਾਰਾ ਗਰੁੱਪ ਆਫ ਕੋਆਪ੍ਰੇਟਿਵ ਸੁਸਾਇਟੀਜ਼ ਦੇ 35.44 ਲੱਖ ਨਿਵੇਸ਼ਕਾਂ ਨੂੰ ਹੁਣ ਤਕ 6,841.86 ਕਰੋੜ ਰੁਪਏ ਵਾਪਸ ਕੀਤੇ ਗਏ ਹਨ । ਮੰਤਰਾਲਾ ਅਸਲ ਜਮ੍ਹਾਕਰਤਾਵਾਂ ਨੂੰ ਭੁਗਤਾਨ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ : ਅਮਿਤ ਸ਼ਾਹ ਲੋਕ ਸਭਾ `ਚ ਇਕ ਸਵਾਲ ਦੇ ਲਿਖਤੀ ਜਵਾਬ `ਚ ਸ਼ਾਹ ਨੇ ਕਿਹਾ ਕਿ ਸਹਾਰਾ ਰਿਫੰਡ ਐਂਡ ਰੀ-ਸਬਮਿਸ਼ਨ ਪੋਰਟਲ ਰਾਹੀਂ ਅਰਜ਼ੀਆਂ ਜਮ੍ਹਾ ਕਰਵਾਉਣ ਵਾਲੇ 1.41 ਕਰੋੜ ਜਮ੍ਹਾਕਰਤਾਵਾਂ `ਚੋਂ 35.44 ਲੱਖ ਜਮ੍ਹਾਕਰਤਾਵਾਂ ਨੂੰ ਰਿਫੰਡ ਦਿੱਤੇ ਗਏ ਹਨ । ਇਸ ਵੇਲੇ ਸਹਾਰਾ ਗਰੁੱਪ ਆਫ ਕੋਆਪ੍ਰੇਟਿਵ ਸੁਸਾਇਟੀਜ਼ ਦੇ ਹਰੇਕ ਅਸਲ ਜਮ੍ਹਾਕਰਤਾ ਨੂੰ ਉਨ੍ਹਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤੇ ਰਾਹੀਂ ਪ੍ਰਮਾਣਿਤ ਦਾਅਵੇ ਦੇ ਆਧਾਰ `ਤੇ 50,000 ਰੁਪਏ ਤੱਕ ਦਾ ਭੁਗਤਾਨ ਕੀਤਾ ਜਾਂਦਾ ਹੈ। ਮੰਤਰਾਲਾ ਅਸਲ ਜਮ੍ਹਾਕਰਤਾਵਾਂ ਨੂੰ ਭੁਗਤਾਨ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ। ਸੁਪਰੀਮ ਕੋਰਟ ਨੇ ਸਹਾਰਾ ਗਰੁੱਪ ਆਫ ਕੋਆਪ੍ਰੇਟਿਵ ਸੁਸਾਇਟੀਜ਼ ਦੇ ਅਸਲ ਜਮ੍ਹਾਕਰਤਾਵਾਂ ਨੂੰ ਭੁਗਤਾਨ ਦੀ ਆਖਰੀ ਮਿਤੀ 31 ਦਸੰਬਰ, 2026 ਤੱਕ ਵਧਾ ਦਿੱਤੀ ਹੈ। ਸਰਕਾਰ ਬਣਾ ਰਹੀ ਹੈ ਭਾਰਤ ਟੈਕਸੀ ਐਪ ਲਾਂਚ ਕਰਨ ਦੀ ਯੋਜਨਾ ਸਰਕਾਰ `ਭਾਰਤ ਟੈਕਸੀ` ਐਪ ਲਾਂਚ ਕਰੇਗੀ-ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸੰਸਦ ਨੂੰ ਦੱਸਿਆ ਕਿ ਸਰਕਾਰ `ਭਾਰਤ ਟੈਕਸੀ` ਐਪ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਦਾ ਮੰਤਵ ਦੇਸ਼ ਦੇ ਵਪਾਰਕ ਵਾਹਨ ਚਾਲਕਾਂ ਨੂੰ ਨਿੱਜੀ ਕੰਪਨੀਆਂ `ਤੇ ਨਿਰਭਰਤਾ ਤੋਂ ਮੁਕਤ ਕਰਨਾ ਹੈ। ਐਪ ਦੀਆਂ ਮੁੱਖ ਖੂਬੀਆਂ `ਚ ਖਪਤਕਾਰ ਅਨੁਕੂਲ ਯਾਤਰਾ ਲਈ ਮੋਬਾਈਲ ਫੋਨ ਰਾਹੀਂ ਬੁਕਿੰਗ, ਪਾਰਦਰਸ਼ੀ ਕਿਰਾਇਆ, ਵਾਹਨ ਟਰੈਕਿੰਗ, ਬਹੁ-ਭਾਸ਼ਾਈ ਇੰਟਰਫੇਸ, ਨਾਗਰਿਕਾਂ ਲਈ ਪਹੁੰਚ ਯੋਗਤਾ, ਸੁਰੱਖਿਅਤ ਅਤੇ ਪ੍ਰਮਾਣਿਤ ਯਾਤਰਾ, ਤਕਨਾਲੋਜੀ ਵਾਲੀ ਮਦਦ ਤੇ ਸੁਰੱਖਿਆ ਉਪਾਵਾਂ ਨੂੰ ਵਧਾਉਣ ਲਈ 24 ਘੰਟੇ ਗਾਹਕ ਸੇਵਾਵਾਂ ਸ਼ਾਮਲ ਹਨ ।
