
ਸ.ਸ. ਮਾਡਲ ਸਕੂਲ ਸਿਵਲ ਲਾਈਨਜ਼ ਦੇ ਬੈਚ 89 ਦੇ ਵਿਦਿਆਰਥੀਆਂ ਵੱਲੋਂ ਜਮਾਤੀ ਡੀ.ਐਸ.ਪੀ. ਰਾਹੁਲ ਕੌਸ਼ਲ ਦਾ ਸਨਮਾਨ
- by Jasbeer Singh
- September 1, 2024

ਸ.ਸ. ਮਾਡਲ ਸਕੂਲ ਸਿਵਲ ਲਾਈਨਜ਼ ਦੇ ਬੈਚ 89 ਦੇ ਵਿਦਿਆਰਥੀਆਂ ਵੱਲੋਂ ਜਮਾਤੀ ਡੀ.ਐਸ.ਪੀ. ਰਾਹੁਲ ਕੌਸ਼ਲ ਦਾ ਸਨਮਾਨ ਪਟਿਆਲਾ, 1 ਸਤੰਬਰ : ਸ਼ਹਿਰ ਦੀਆਂ ਸਿਰਮੌਰ ਸਿੱਖਿਆ ਸੰਸਥਾਵਾਂ ਵਿੱਚੋਂ ਇੱਕ ਸਰਕਾਰੀ ਸੀਨੀਅਰ ਮਾਡਲ ਸਕੂਲ ਸਿਵਲ ਲਾਈਨਜ਼ ਪਟਿਆਲਾ, ਜਿਸ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਬੀਤੇ ਸਮੇਂ ਦੌਰਾਨ ਵੱਖ -ਵੱਖ ਖੇਤਰਾਂ ਵਿੱਚ ਨਾਮਣਾ ਖੱਟਦਿਆਂ ਸਮਾਜ ਵਿੱਚ ਅਪਣਾ ਰੁਤਬਾ ਕਾਇਮ ਕਰਦਿਆਂ ਇਸ ਸੰਸਥਾ ਦਾ ਨਾਮ ਰੋਸ਼ਨ ਕੀਤਾ ਜਾਂਦਾ ਰਿਹਾ ਹੈ, ਦੇ ਬੈਚ 89 ਦੇ ਵਿਦਿਆਰਥੀਆਂ ਵੱਲੋਂ ਇੱਕ ਆਪਸੀ ਮਿਲਣੀ (ਗੈਟ ਟੂਗੈਦਰ) ਕਰਵਾਈ ਗਈ। ਇਸ ਮਿਲਣੀ ਵਿੱਚ 89 ਬੈਚ (ਮੈਟ੍ਰਿਕ) ਦੇ ਸਾਰੇ ਸੈਕਸ਼ਨਾਂ (ਏ.ਬੀ ਅਤੇ ਸੀ) ਦੇ ਲਗਪਗ 17-18 ਸਾਬਕਾ ਵਿਦਿਆਰਥੀਆਂ ਨੇ ਅਪਣੀ ਹਾਜ਼ਰੀ ਲਗਵਾਈ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਡੀ.ਐਸ.ਪੀ. (ਭਵਾਨੀਗੜ੍ਹ) ਰਾਹੁਲ ਕੌਸ਼ਲ ਨੂੰ ਤਰੱਕੀ ਮਿਲਣ 'ਤੇ ਸਨਮਾਨਤ ਕੀਤਾ ਗਿਆ। ਇਹ ਸਮਾਗਮ ਜਿਸ ਨੂੰ ਕਰਵਾਉਣ ਵਿੱਚ ਅਮਰੀਸ਼ ਸ਼ਰਮਾ ਅਤੇ ਗੁਰਮੀਤ ਸਿੰਘ ਦਾ ਮੁੱਖ ਯੋਗਦਾਨ ਰਿਹਾ, ਦਾ ਸਾਰੇ ਸਾਬਕਾ ਜਮਾਤੀਆਂ (ਸਾਥੀਆਂ) ਨੇ ਅਪਣੀ ਰੁਝੇਵੇਂ ਭਰੀ ਅਤੇ ਦੌੜ-ਭੱਜ ਵਾਲੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਬਹੁਤ ਅਨੰਦ ਮਾਣਿਆ। ਇਸ ਮੌਕੇ ਹਾਜ਼ਰ ਜਮਾਤੀਆਂ ਵੱਲੋਂ ਜਿਥੇ ਅਪਣੇ ਸਕੂਲ ਸਮੇਂ ਦੀਆਂ ਯਾਦਾਂ ਅਤੇ ਕਿੱਸਿਆਂ ਨੂੰ ਅਪਣੇ ਸਾਥੀਆਂ ਨਾਲ ਸਾਂਝਾ ਕੀਤਾ ਗਿਆ ਉਥੇ ਹੀ ਇਹੋ ਜਿਹੇ ਸਮਾਗਮ ਭਵਿੱਖ ਵਿੱਚ ਵੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਦੌਰਾਨ ਡਾ.ਬਲਵੀਰ ਖ਼ਾਨ,ਪ੍ਰੋ. ਤਰਿਸ਼ਰਨਦੀਪ ਸਿੰਘ ਗਰੇਵਾਲ, ਇੰਦਰਜੀਤ ਸਿੰਘ ਖਰੌੜ,ਡਾ.ਜਸਵਿੰਦਰ ਸਿੰਘ,ਪਨਦੀਪ ਸਿੰਘ ਧਾਲੀਵਾਲ ,ਐਡਵੋਕੇਟ ਸੰਦੀਪ ਸ਼ਰਮਾ,ਐਲਡਰਿਨ ਪੁਰੀ, ਅਮਿਤਪਾਲ ਸਿੰਘ,ਅਪੂਰਵ ਸੂਦ, ਅਸੀਮ ਵੋਹਰਾ,ਸੰਦੀਪ ਸਿੰਘ, ਗਰੀਸ਼ ਮਹਾਜਨ ਅਤੇ ਰਾਜੇਸ਼ ਭੰਡਾਰੀ ਆਦਿ ਹਾਜ਼ਰ ਸਨ।