

ਕੋਲਕਾਤਾ ਬਲਾਤਕਾਰ ਤੇ ਕਤਲ ਮਾਮਲੇ ਵਿਚ ਸੰਜੇ ਰਾਏ ਦੋਸ਼ੀ ਕਰਾਰ ਸਜ਼ਾ 20 ਜਨਵਰੀ ਨੂੰ ਕੋਲਕਾਤਾ : ਭਾਰਤ ਦੇਸ਼ ਦੇ ਸ਼ਹਿਰ ਕੋਲਕਾਤਾ ਦੇ ਆਰਜੀ ਕਾਰ ਹਸਪਤਾਲ ਵਿੱਚ 31 ਸਾਲਾ ਇੱਕ ਟ੍ਰੇਨੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਮਾਮਲੇ ਵਿਚ ਸਿਆਲਦਾਹ ਅਦਾਲਤ ਵਿੱਚ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਅਨਿਰਬਾਨ ਦਾਸ ਨੇ ਸੰਜੇ ਰਾਏ ਨੂੰ ਦੋਸ਼ੀ ਠਹਿਰਾਉਂਦਿਆਂ 20 ਜਨਵਰੀ ਦਿਨ ਸੋਮਵਾਰ ਨੂੰ ਸਜ਼ਾ ਸੁਣਾਉਣ ਦਾ ਫ਼ੈਸਲਾ ਲਿਆ । ਜਾਣਕਾਰੀ ਅਨੁਸਾਰ ਫੋਰੈਂਸਿਕ ਰਿਪੋਰਟਾਂ ਦੇ ਆਧਾਰ ‘ਤੇ ਅਦਾਲਤ ਨੇ ਕਿਹਾ ਕਿ ਅਪਰਾਧ ਵਾਲੀ ਥਾਂ ਅਤੇ ਪੀੜਤ ਦੇ ਸਰੀਰ ‘ਤੇ ਮਿਲੇ ਡੀ. ਐਨ. ਏ. ਸਬੂਤ ਸੰਜੇ ਰਾਏ ਦੀ ਸ਼ਮੂਲੀਅਤ ਨੂੰ ਸਾਬਤ ਕਰਦੇ ਹਨ । ਫੈਸਲਾ ਸੁਣਾਉਂਦਿਆਂ ਜੱਜ ਅਨਿਰਬਾਨ ਦਾਸ ਨੇ ਕਿਹਾ ਕਿ ‘ਤੁਹਾਨੂੰ ਸਜ਼ਾ ਮਿਲਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਪੀੜਤ ਦਾ ਗਲਾ ਘੁੱਟਿਆ ਹੈ ਤੁਹਾਨੂੰ ਮੌਤ ਦੀ ਸਜ਼ਾ ਜਾਂ ਉਮਰ ਕੈਦ ਦਿੱਤੀ ਜਾ ਸਕਦੀ ਹੈ । ਬੀ. ਐਨ. ਐਸ. ਦੀ ਧਾਰਾ 64 ਦੇ ਤਹਿਤ ਸਜ਼ਾ ਘੱਟੋ-ਘੱਟ 10 ਸਾਲ ਹੈ ਅਤੇ ਧਾਰਾ 66 ਵਿੱਚ 25 ਸਾਲ ਜਾਂ ਉਮਰ ਕੈਦ ਜਾਂ ਮੌਤ ਦੀ ਸਜ਼ਾ ਦੀ ਵਿਵਸਥਾ ਹੈ । ਸੰਜੇ ਰਾਏ ਨੇ ਅਦਾਲਤ ਵਿੱਚ ਆਪਣੇ ਆਪ ਨੂੰ ਬੇਕਸੂਰ ਐਲਾਨਿਆ । ਕੋਲਕਾਤਾ ਪੁਲਸ ਦੇ ਸਾਬਕਾ ਸਿਵਲ ਵਲੰਟੀਅਰ ਰਾਏ ਨੇ ਕਿਹਾ ਕਿ ਮੈਨੂੰ ਫਸਾਇਆ ਗਿਆ ਹੈ ਜਦੋਂ ਕਿ ਅਸਲ ਦੋਸ਼ੀ ਬਾਹਰ ਘੁੰਮ ਰਹੇ ਹਨ । ਰਾਏ ਨੇ ਕਿਹਾ ਕਿ ਉਸਨੇ ਇਹ ਅਪਰਾਧ ਨਹੀਂ ਕੀਤਾ ਹੈ ਤੇ ਜਿਨ੍ਹਾਂ ਨੇ ਇਹ ਕੀਤਾ ਹੈ ਉਨ੍ਹਾਂ ਨੂੰ ਕਿਉਂ ਬਖ਼ਿਸ਼ਆ ਜਾ ਰਿਹਾ ਹੈ? ਹਾਲਾਂਕਿ ਸੰਜੇ ਰਾਏ ਨੇ ਪਹਿਲਾਂ ਹੀ ਅਪਰਾਧ ਕਬੂਲ ਕਰ ਲਿਆ ਸੀ । ਸੀ. ਬੀ. ਆਈ. ਨੇ ਅਕਤੂਬਰ 2024 ਵਿੱਚ ਦਾਇਰ 45 ਪੰਨਿਆਂ ਦੀ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਪੀੜਤਾ ਦਾ ਖੂਨ ਸੰਜੇ ਰਾਏ ਦੀ ਜੀਨਸ ਅਤੇ ਜੁੱਤੀਆਂ ‘ਤੇ ਮਿਲਿਆ ਹੈ। ਸੰਜੇ ਦੇ ਵਾਲ ਅਤੇ ਬਲੂਟੁੱਥ ਈਅਰਪੀਸ ਜੋ ਉਸਦੇ ਫੋਨ ਨਾਲ ਜੁੜਿਆ ਹੋਇਆ ਸੀ ਵੀ ਘਟਨਾ ਵਾਲੀ ਥਾਂ ਤੋਂ ਬਰਾਮਦ ਕੀਤੇ ਗਏ ਹਨ ।