
ਸਕੂਲਾਂ ਦੇ ਮੁਖੀਆਂ ਨੂੰ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਸਿਖਲਾਈ ਵਰਕਸ਼ਾਪ ਦਾ ਆਯੋਜਨ
- by Jasbeer Singh
- September 24, 2025

ਸਕੂਲਾਂ ਦੇ ਮੁਖੀਆਂ ਨੂੰ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਸਿਖਲਾਈ ਵਰਕਸ਼ਾਪ ਦਾ ਆਯੋਜਨ ਵਿਭਾਗ ਵੱਲੋਂ ਜਾਰੀ ਵਿਦਿਆਰਥੀਆਂ ਦੇ ਸਿਹਤ ਸੰਭਾਲ ਸੰਬੰਧੀ ਮੁਹਿੰਮਾਂ ਨੂੰ ਸਕੂਲ ਮੁਖੀ ਸੁਹਿਰਦਤਾ ਨਾਲ ਸਕੂਲਾਂ ਵਿੱਚ ਲਾਗੂ ਕਰਨ : ਸੰਜੀਵ ਸ਼ਰਮਾ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਪਟਿਆਲਾ 24 ਸਤੰਬਰ 2025 : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਡਾਇਰੈਕਟਰ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਕਿਰਨ ਸ਼ਰਮਾ ਪੀ.ਸੀ.ਐੱਸ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਸਮੂਹ ਬਲਾਕਾਂ ਦੇ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ, ਹੈੱਡ ਮਾਸਟਰਾਂ, ਹੈੱਡ ਮਿਸਟ੍ਰੈਸਾਂ ਅਤੇ ਮਿਡਲ ਸਕੂਲ ਇੰਚਾਰਜਾਂ ਲਈ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਤੇ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਤਹਿਤ ਇੱਕ ਰੋਜਾ ਸਿਖਲਾਈ ਵਰਕਸ਼ਾਪ ਦੇ ਦੂਜੇ ਫ਼ੇਜ਼ ਦਾ ਆਯੋਜਨ 23 ਤੋਂ 26 ਸਤੰਬਰ ਤੱਕ ਪੀ.ਐਮ. ਸ੍ਰੀ ਸਸਸਸ ਮਲਟੀਪਰਪਜ਼ ਸਕੂਲ, ਪਾਸੀ ਰੋਡ ਵਿਖੇ ਕੀਤਾ ਜਾ ਰਿਹਾ ਹੈ। ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਨੇ ਅੱਜ ਮੌਜੂਦ ਸਮੂਹ ਸਕੂਲ ਮੁਖੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੁਆਰਾ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਸੰਭਾਲ ਲਈ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਦਾ ਲਾਭ ਹਰੇਕ ਵਿਦਿਆਰਥੀ ਤੱਕ ਸਹੀ ਢੰਗ ਨਾਲ ਪਹੁੰਚੇ ਇਸ ਲਈ ਸਕੂਲ ਮੁੱਖੀ ਆਪਣੇ ਅਧਿਆਪਕਾਂ ਨਾਲ ਮਿਲ ਕੇ ਵਿਸ਼ੇਸ਼ ਉਪਰਾਲੇ ਕਰਨ। ਵਰਕਸ਼ਾਪ ਦੀ ਦੌਰਾਨ ਡਾ: ਰਵਿੰਦਰਪਾਲ ਸ਼ਰਮਾ ਡਿਪਟੀ ਡੀਈਓ, ਪਟਿਆਲਾ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਕਿਸ਼ੋਰਾਂ ਨੂੰ ਪੜ੍ਹਾਉਣ ਸਮੇਂ ਉਹਨਾਂ ਦੀ ਮਾਨਸਿਕ ਅਤੇ ਭਾਵਨਾਤਮਕ ਸਥਿਤੀ ਨੂੰ ਧਿਆਨ ਵਿੱਚ ਰੱਖਣਾ ਹੁੰਦਾ ਹੈ। ਇਸ ਲਈ ਸਮੇਂ ਸਮੇਂ ਤੇ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਮਾਹਿਰਾਂ ਨਾਲ ਮਿਲ ਕੇ ਇਹ ਸਿਖਲਾਈ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਸੈਮੀਨਾਰ ਦੌਰਾਨ ਜਗਮੀਤ ਸਿੰਘ ਹੈੱਡ ਮਾਸਟਰ (ਨੋਡਲ), ਰਾਜੀਵ ਕੁਮਾਰ ਡੀ.ਐੱਸ.ਐੱਮ, ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਅਤੇ ਹੋਰ ਰਿਸੋਰਸ ਪਰਸਨਾਂ ਨੇ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ, ਕਿਸ਼ੋਰ ਸਿੱਖਿਆ ਪ੍ਰੋਗਰਾਮ, ਏਡਜ਼ ਅਤੇ ਐਚ ਆਈ ਵੀ ਸੰਬੰਧੀ ਜਾਗਰੂਕਤਾ ਅਭਿਆਨ, ਅਨੀਮੀਆ ਅਤੇ ਟੀਬੀ ਤੋਂ ਬਚਾਅ ਅਤੇ ਉਪਾਅ ਦੇ ਨਾਲ-ਨਾਲ ਹੋਰ ਵਿਸ਼ਿਆਂ ’ਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪ੍ਰਿੰਸੀਪਲ ਕਰਮਜੀਤ ਕੌਰ, ਰਾਜਿੰਦਰ ਸਿੰਘ ਚਾਨੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।