ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ
- by Jasbeer Singh
- February 5, 2025
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ -ਖੇਤੀਬਾੜੀ ਯੂਨੀਵਰਸਿਟੀ ਦੀਆਂ ਨਵੀਨਤਮ ਸਿਫ਼ਾਰਸ਼ਾਂ ਕਿਸਾਨਾਂ ਤੱਕ ਪਹੁੰਚਾਉਣ ਦੇ ਨਿਰਦੇਸ਼ ਪਟਿਆਲਾ, 5 ਫਰਵਰੀ : ਖੇਤੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਅਤੇ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਪ੍ਰਮਾਣਿਤ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ । ਇਸ ਦੀ ਪ੍ਰਧਾਨਗੀ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਕੀਤੀ । ਡਾ. ਜਸਵਿੰਦਰ ਸਿੰਘ, ਪ੍ਰਿੰਸੀਪਲ ਐਗਰੋਨੋਮਿਸਟ ਨੇ ਵਿਸ਼ੇਸ਼ ਮਹਿਮਾਨ ਵੱਜੋ ਸ਼ਿਰਕਤ ਕੀਤੀ। ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਦੀਪ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਤਿਹਗੜ੍ਹ ਸਾਹਿਬ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਵਿਪਨ ਕੁਮਾਰ ਰਾਮਪਾਲ, ਫਾਰਮ ਸਲਾਹਕਾਰ ਸੇਵਾ ਕੇਂਦਰ, ਪਟਿਆਲਾ ਅਤੇ ਸੰਗਰੂਰ ਤੋਂ ਡਾ. ਗੁਰਪ੍ਰੀਤ ਕੌਰ ਅਤੇ ਡਾ. ਅਸ਼ੋਕ ਕੁਮਾਰ ਵੀ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਖੇਤੀਬਾੜੀ, ਬਾਗਬਾਨੀ, ਪਸ਼ੂ-ਪਾਲਣ, ਮੱਛੀ-ਪਾਲਣ, ਵਣ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਰੋਜ਼ਗਾਰ ਵਿਭਾਗ ਦੇ ਅਫ਼ਸਰ ਸਾਹਿਬਾਨ, ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਇਸ ਮੀਟਿੰਗ ਵਿਚ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਹਰਦੀਪ ਸਿੰਘ ਸਭਿਖੀ, ਡਿਪਟੀ ਡਾਇਰੈਕਟਰ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੀ ਅਗਵਾਈ ਹੇਠ ਆਏ ਹੋਏ ਮਹਿਮਾਨਾਂ ਨੂੰ ਕੇਂਦਰ ਦੇ ਤਕਨੀਕੀ ਪਾਰਕ, ਪ੍ਰਦਰਸ਼ਨੀ ਪਲਾਟਾਂ ਅਤੇ ਬੀਜ ਫਾਰਮ ਦਾ ਦੌਰਾ ਕਰਵਾਇਆ ਗਿਆ। ਮੀਟਿੰਗ ਦੀ ਸ਼ੁਰੂਆਤ ਵਿਚ ਡਾ. ਗੁਰਉਪਦੇਸ਼ ਕੌਰ, ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਆਏ ਹੋਏ ਮਹਿਮਾਨਾਂ ਨੂੰ ਜੀ-ਆਇਆ ਆਖਿਆ । ਇਸ ਉਪਰੰਤ ਡਾ. ਹਰਦੀਪ ਸਿੰਘ ਸਭਿਖੀ ਨੇ ਕੇਂਦਰ ਵੱਲੋਂ ਲਗਾਏ ਜਾਂਦੇ ਸਿਖਲਾਈ ਕੋਰਸਾਂ, ਖੇਤ ਤਜਰਬਿਆਂ ਅਤੇ ਹੋਰ ਪਸਾਰ ਗਤੀ-ਵਿਧੀਆਂ ਦੀ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ । ਕੇ. ਵੀ. ਕੇ. ਦੇ ਵੱਖ-ਵੱਖ ਵਿਗਿਆਨੀਆਂ ਨੇ ਆਪਣੇ ਵਿਸ਼ੇ ਵਿਚ ਹੋਈ ਕਾਰਵਾਈ ਅਤੇ ਸਾਲ 2025-26 ਵਿਚ ਆਯੋਜਿਤ ਹੋਣ ਵਾਲੀਆਂ ਸਿਖਲਾਈਆਂ ਸਬੰਧੀ ਕਾਰਜ-ਯੋਜਨਾ ਵੀ ਸਾਂਝੀ ਕੀਤੀ ਅਤੇ ਆਏ ਹੋਏ ਮਹਿਮਾਨਾਂ ਦੇ ਸੁਝਾਅ ਲਏ। ਮੀਟਿੰਗ ਦੇ ਮੁੱਖ ਮਹਿਮਾਨ ਡਾ. ਮੱਖਣ ਸਿੰਘ ਭੁੱਲਰ ਨੇ ਖੇਤੀ ਵਿਗਿਆਨੀਆਂ ਨੂੰ ਸਥਾਈ ਖੇਤੀਬਾੜੀ ਲਈ ਯੂਨੀਵਰਸਿਟੀ ਦੀਆਂ ਨਵੀਨਤਮ ਸਿਫ਼ਾਰਸ਼ਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ । ਉਨ੍ਹਾਂ ਨੇ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਦੇ ਦੌਰੇ ਕਰਨ ਅਤੇ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਬਾਰੇ ਵੀ ਪ੍ਰੇਰਿਤ ਕੀਤਾ । ਡਾ. ਜਸਵਿੰਦਰ ਸਿੰਘ ਨੇ ਹਾਜ਼ਰੀਨ ਕਿਸਾਨਾਂ ਅਤੇ ਅਧਿਕਾਰੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਆਯੋਜਿਤ ਕੀਤੇ ਜਾਂਦੇ ਪਸਾਰ ਕਾਰਜਾਂ ਨਾਲ ਵੱਧ ਤੋਂ ਵੱਧ ਜੁੜਨ ਲਈ ਉਤਸ਼ਾਹਿਤ ਕੀਤਾ। ਵੱਖ-ਵੱਖ ਵਿਭਾਗਾਂ ਤੋਂ ਆਏ ਪਤਵੰਤਿਆਂ ਅਤੇ ਕਿਸਾਨਾਂ ਨੇ ਵੀ ਇਸ ਵਿਚਾਰ-ਚਰਚਾ ਵਿਚ ਖੁੱਲ ਕੇ ਹਿੱਸਾ ਲਿਆ ਅਤੇ ਲੋੜ ਮੁਤਾਬਕ ਸਿਖਲਾਈ ਕੋਰਸ ਲਾਉਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਪਰਮਿੰਦਰ ਸਿੰਘ, ਰਣਧੀਰ ਸਿੰਘ, ਅਜੈਬ ਸਿੰਘ, ਗੁਰਪ੍ਰੀਤ ਸਿੰਘ ਅਤੇ ਉੱਦਮੀ ਬੀਬੀਆਂ ਹਰਜੀਤ ਕੌਰ, ਗੁਰਪ੍ਰੀਤ ਕੌਰ ਅਤੇ ਭੁਪਿੰਦਰ ਕੌਰ ਨੇ ਮਧੂ-ਮੱਖੀ ਪਾਲਣ, ਫ਼ਸਲ ਉਤਪਾਦਨ, ਸਬਜ਼ੀਆਂ ਦੀ ਕਾਸ਼ਤ, ਖੁੰਬ ਉਤਪਾਦਨ, ਫੂਡ ਪ੍ਰੋਸੈਸਿੰਗ ਅਤੇ ਫੁਲਕਾਰੀ ਦਸਤਕਾਰੀ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ । ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਿਖਲਾਈ ਪ੍ਰਾਪਤ ਉੱਦਮੀ ਕਿਸਾਨ ਵੀਰਾਂ ਅਤੇ ਬੀਬੀਆਂ ਨੇ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ। ਅੰਤ ਵਿਚ ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਨੇ ਇਸ ਮੀਟਿੰਗ ਵਿਚ ਹਾਜ਼ਰ ਮਾਹਿਰਾਂ, ਕਮੇਟੀ ਮੈਂਬਰਾਂ, ਅਗਾਂਹਵਧੂ ਕਿਸਾਨਾਂ ਅਤੇ ਬੀਬੀਆਂ ਦਾ ਧੰਨਵਾਦ ਕੀਤਾ ।
Related Post
Popular News
Hot Categories
Subscribe To Our Newsletter
No spam, notifications only about new products, updates.