

ਪੰਜਾਬੀ ਯੂਨੀਵਰਸਿਟੀ ਵਿਖੇ 'ਸਾਹਿਤ ਉਤਸਵ' ਦਾ ਦੂਜਾ ਦਿਨ -ਪੰਜਾਬ ਦੇ ਖਾਸੇ, ਸਮੱਸਿਆਵਾਂ ਅਤੇ ਹੱਲ ਬਾਰੇ ਹੋਈਆਂ ਵਿਚਾਰਾਂ ਪਟਿਆਲਾ, 19 ਫਰਵਰੀ : ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਯੂਨੀਵਰਸਿਟੀ ਦੇ ਭਾਸ਼ਾਵਾਂ ਨਾਲ਼ ਸਬੰਧਤ ਵਿਭਾਗਾਂ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਕੌਮਾਂਤਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ 'ਪੰਜ ਰੋਜ਼ਾ ਸਾਹਿਤ ਉਤਸਵ-2025' ਦੇ ਦੂਜੇ ਦਿਨ ਹੋਏ ਦੋ ਅਕਾਦਮਿਕ ਸੈਸ਼ਨ ਹੋਏ ਅਤੇ ਇਸ ਉਪਰੰਤ ਦੋ ਵੱਖਰੇ ਰੰਗ ਦੀਆਂ ਗਾਇਨ ਪੇਸ਼ਕਾਰੀਆਂ ਹੋਈਆਂ । ਦੋਹੇਂ ਅਕਾਦਮਿਕ ਸੈਸ਼ਨਾਂ ਵਿੱਚ ਵਿਦਵਾਨਾਂ ਵੱਲੋਂ ਪੰਜਾਬ ਨੂੰ ਸਮਝਣ ਦੇ ਹਵਾਲੇ ਨਾਲ਼ ਗੱਲ ਕੀਤੀ ਗਈ। ਪਹਿਲੇ ਸੈਸ਼ਨ 'ਪੰਜਾਬ ਨੂੰ ਸਮਝਦਿਆਂ-1' ਤਹਿਤ ਉੱਘੇ ਲੇਖਕ ਅਮਨਦੀਪ ਸੰਧੂ ਅਤੇ ਅਨੁਵਾਦਕ ਅਤੇ ਚਿੰਤਕ ਯਾਦਵਿੰਦਰ ਸਿੰਘ ਨਾਲ਼ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਵੱਲੋਂ ਸੰਵਾਦ ਰਚਾਇਆ ਗਿਆ । ਲੇਖਕ ਅਮਨਦੀਪ ਸੰਧੂ ਨੇ ਆਪਣੀ ਸਿਰਜਣ ਪ੍ਰਕਿਰਿਆ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਇਤਿਹਾਸ ਵਿੱਚ ਪੰਜਾਬ ਨੇ ਆਪਣੇ ਪਿੰਡੇ ਉੱਤੇ ਬਹੁਤ ਸਾਰੇ ਸੰਕਟ ਹੰਢਾਏ ਹਨ । ਉਨ੍ਹਾਂ ਕਿਹਾ ਕਿ ਪੰਜਾਬੀਅਤ ਦੇ ਖਾਸੇ ਵਿੱਚ ਨਾਬਰਪੁਣਾ ਇੱਕ ਕੇਂਦਰੀ ਸੂਤਰ ਹੈ ਅਤੇ ਇਹੋ ਹੀ ਇਸ ਦੀ ਖ਼ੂਬਸੂਰਤੀ ਹੈ । ਪੰਜਾਬੀ ਬੰਦਾ ਕਿਤੇ ਵੀ ਹੋਵੇ ਉਹ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਜਾਣਦਾ ਹੈ । ਉਨ੍ਹਾਂ ਪੰਜਾਬ ਤੋਂ ਬਾਹਰ ਵਸਣ ਦੇ ਆਪਣੇ ਅਨੁਭਵ ਦੇ ਅਧਾਰ ਉੱਤੇ ਦੱਸਿਆ ਕਿ ਪੰਜਾਬ ਤੋਂ ਬਾਹਰਲੇ ਲੋਕ ਪੰਜਾਬ ਨੂੰ ਕਿਸ ਤਰ੍ਹਾਂ ਜਾਣਦਾ ਹਨ । ਉਨ੍ਹਾਂ ਜਿੱਥੇ ਕਿਸਾਨ ਸੰਘਰਸ਼ ਦੀ ਸ਼ਲਾਘਾ ਕੀਤੀ ਉੱਥੇ ਹੀ ਇਹ ਵੀ ਟਿੱਪਣੀ ਕੀਤੀ ਕਿ ਪੰਜਾਬ ਦੇ ਲੋਕ ਉਸ ਨੂੰ ਵੱਖ-ਵੱਖ ਤਰ੍ਹਾਂ ਦੀ ਇਕੱਲਤਾ ਦਾ ਸ਼ਿਕਾਰ ਹੋਏ ਵੀ ਨਜ਼ਰ ਆਉਂਦੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਬਾਰੇ ਕੋਈ ਵੀ ਲੇਬਲ ਜਾਂ ਧਾਰਨਾ ਦੇਣ ਦੀ ਬਜਾਇ ਇਸ ਨੂੰ ਸੁਣਨਾ ਬਹੁਤ ਜ਼ਰੂਰੀ ਹੈ । ਯਾਦਵਿੰਦਰ ਸਿੰਘ ਨੇ ਕਿਹਾ ਕਿ ਸਾਡੀ ਕਲਪਨਾ ਦਾ ਪੰਜਾਬ ਅੱਜ ਦੇ ਪੰਜਾਬ ਤੋਂ ਵੱਖਰੀ ਤਰ੍ਹਾਂ ਦਾ ਪੰਜਾਬ ਹੈ । ਉਨ੍ਹਾਂ ਕਿਹਾ ਕਿ ਸਾਡੀ ਕਲਪਨਾ ਵਿਚਲੇ ਪੰਜਾਬ ਅਤੇ ਅੱਜ ਦੇ ਪੰਜਾਬ ਵਿੱਚ ਜੋ ਖੱਪਾ ਹੈ, ਸਾਨੂੰ ਉਸ ਨੂੰ ਪੂਰਨ ਲਈ ਯਤਨ ਕਰਨੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦਾ ਖਾਸਾ ਬਾਇਪੋਲਰ ਮਨੋਰੋਗ ਦਾ ਸ਼ਿਕਾਰ ਹੋਇਆ ਵੀ ਜਾਪਦਾ ਹੈ ਜੋ ਇੱਕ ਪਾਸੇ ਬਹੁਤ ਮਾਯੂਸ ਹੋ ਜਾਂਦਾ ਹੈ ਅਤੇ ਦੂਜੇ ਪਾਸੇ ਪਾਪੂਲਰ ਗੀਤ ਸੰਗੀਤ ਵਿੱਚ ਲਲਕਾਰੇ ਮਾਰਦਾ ਵੀ ਨਜ਼ਰ ਆਉਂਦਾ ਹੈ। ਉੁਨ੍ਹਾਂ ਪੰਜਾਬ ਬਾਰੇ ਅਮਨਦੀਪ ਸੰਧੂ ਵੱਲੋਂ ਲਿਖੀ ਪੁਸਤਕ ਦਾ ਅਨੁਵਾਦ ਕਰਨ ਬਾਰੇ ਆਪਣੇ ਫੈਸਲੇ ਅਤੇ ਇਸ ਪ੍ਰਕਿਰਿਆ ਸਬੰਧੀ ਬਹੁਤ ਸਾਰੀਆਂ ਗੱਲਾਂ ਕੀਤੀਆਂ । ਦੂਜੇ ਅਕਾਦਮਿਕ ਸੈਸ਼ਨ 'ਪੰਜਾਬ ਨੂੰ ਸਮਝਦਿਆਂ-2' ਤਹਿਤ ਪੰਜਾਬ ਦੇ ਅਹਿਮ ਰਾਜਨੀਤਿਕ ਮੁੱਦਿਆਂ ਦੀ ਨਬਜ਼ ਪਛਾਣਨ ਦੇ ਮਕਸਦ ਨਾਲ਼ ਭਾਈ ਮਨਧੀਰ ਸਿੰਘ, ਨਵਰੀਤ ਕੌਰ ਅਤੇ ਜਗਰੂਪ ਸਿੰਘ ਸੇਖੋਂ ਨਾਲ਼ ਉੱਘੇ ਪੱਤਰਕਾਰ ਹਮੀਰ ਸਿੰਘ ਨੇ ਸੰਵਾਦ ਰਚਾਇਆ ਗਿਆ । ਭਾਈ ਰਣਧੀਰ ਸਿੰਘ ਨੇ ਕਿਹਾ ਕਿ ਸਾਨੂੰ ਪੰਜਾਬ ਨਾਲ਼ ਸਬੰਧਤ ਮਸਲਿਆਂ ਦੀ ਬੁਨਿਆਦ ਅਤੇ ਜੜ ਨੂੰ ਜਾਣਨ ਵੱਲ ਰੁਚਿਤ ਹੋਣਾ ਚਾਹੀਦਾ ਹੈ । ਬੁਨਿਆਦੀ ਮਸਲੇ ਹੋਣ ਨਾਲ਼ ਲੱਛਣ ਆਪਣੇ ਹੀ ਹੱਲ ਹੋ ਜਾਣਗੇ । ਨਵਰੀਤ ਕੌਰ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਸਿੱਖਿਆ ਜਿਹੇ ਮੁੱਦੇ ਸਾਡੀਆਂ ਰਾਜਨੀਤਿਕ ਪਾਰਟੀ ਦੇ ਤਰਜੀਹੀ ਏਜੰਡੇ ਨਹੀਂ ਹਨ । ਉਨ੍ਹਾਂ ਮੀਡੀਆ ਉਤਲੇ ਕਾਰਪੋਰੇਟ ਗਲਬੇ ਬਾਰੇ ਵੀ ਚਿੰਤਾ ਜਤਾਈ । ਜਗਰੂਪ ਸਿੰਘ ਸੇਖੋਂ ਨੇ ਨੌਜਵਾਨਾਂ ਦੀ ਰਾਜਨੀਤੀ ਵਿੱਚ ਸਰਗਰਮ ਸ਼ਮੂਲੀਅਤ ਯਕੀਨੀ ਬਣਾਏ ਜਾਣ ਉੱਤੇ ਜ਼ੋਰ ਦਿੰਦਿਆਂ ਇਸ ਵਿਸ਼ੇ ਨਾਲ਼ ਸਬੰਧਤ ਵੱਖ-ਵੱਖ ਨੁਕਤੇ ਸਾਂਝੇ ਕੀਤੇ । ਅਕਾਦਮਿਕ ਸੈਸ਼ਨਾਂ ਉਪਰੰਤ ਨਵਜੋਤ ਸਿੰਘ ਮੰਡੇਰ ਅਤੇ ਸਾਥੀਆਂ ਨੇ ਰਵਾਇਤੀ ਗਾਇਕੀ ਦੀ ਪੇਸ਼ਕਾਰੀ ਕੀਤੀ ਅਤੇ ਦੂਜੇ ਦਿਨ ਦੀ ਸ਼ਾਮ ਦਾ ਸਿਖਰ ਕੱਵਾਲ ਨੀਲੇ ਖਾਂ ਅਤੇ ਸਾਥੀਆਂ ਦੇ ਗਾਇਨ ਨਾਲ਼ ਹੋਇਆ ।