

ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਦੂਜੀ ਰੈਂਡੇਮਾਈਜੇਸ਼ਨ ਹੋਈ ਪਟਿਆਲਾ, 16 ਦਸੰਬਰ : ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ 21 ਦਸੰਬਰ 2024 ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਬੂਥ ਵਾਈਜ਼ ਵੋਟਿੰਗ ਮਸ਼ੀਨਾਂ ਦੀ ਦੂਜੀ ਰੈਂਡੇਮਾਈਜੇਸ਼ਨ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਇੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਹੇਠ ਹੋਈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੂਪ੍ਰਿਤਾ ਜੌਹਲ, ਜ਼ਿਲ੍ਹਾ ਸੂਚਨਾ ਦੇ ਵਿਗਿਆਨ ਅਫ਼ਸਰ ਸੰਜੀਵ ਕੁਮਾਰ ਤੇ ਚੋਣ ਤਹਿਸੀਲਦਾਰ ਵਿਜੈ ਚੌਧਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ । ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ 'ਚ 30 ਫੀਸਦੀ ਵਾਧੂ ਵੋਟਿੰਗ ਮਸ਼ੀਨਾਂ ਸਮੇਤ ਕੁਲ 413 ਵੋਟਿੰਗ ਮਸ਼ੀਨਾਂ ਦੀ ਰੈਂਡੇਮਾਈਜੇਸ਼ਨ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਸਮੁੱਚੇ ਚੋਣ ਅਮਲ ਨੂੰ ਪਾਰਦਰਸ਼ੀ ਢੰਗ ਨਾਲ ਪੂਰਾ ਕੀਤਾ ਜਾ ਰਿਹਾ ਹੈ, ਜਿਸ ਲਈ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਮਸ਼ੀਨਾਂ ਦੀ ਪਹਿਲੀ ਰੈਂਡੇਮਾਈਜੇਸ਼ਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ 'ਚ 12 ਦਸੰਬਰ ਨੂੰ ਕਰਵਾਈ ਗਈ ਸੀ । ਇਸ ਤੋਂ ਬਾਅਦ ਅੱਜ ਹੋ ਰਹੀ ਦੂਜੀ ਰੈਂਡੇਮਾਈਜੇਸ਼ਨ ਤੋਂ ਬਾਅਦ ਇਨ੍ਹਾਂ ਮਸ਼ੀਨਾਂ ਨੂੰ ਬੂਥ ਵਾਈਜ ਭੇਜਿਆ ਜਾਵੇਗਾ । ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵੋਟਿੰਗ ਮਸ਼ੀਨਾਂ ਦੀ ਸੀਰੀਅਲ ਨੰਬਰਾਂ ਮੁਤਾਬਕ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਗ਼ਲਤੀ ਰਹਿਤ ਢੰਗ ਨਾਲ ਰੈਂਡੇਮਾਈਜੇਸ਼ਨ ਦਾ ਸਾਰਾ ਅਮਲ ਨੇਪਰੇ ਚੜ੍ਹਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੂੰ ਤਕਨੀਕੀ ਟੀਮਾਂ ਨੇ ਵੋਟਾਂ ਲਈ ਤਿਆਰ ਕਰ ਦਿੱਤਾ ਹੈ । ਇਸ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ ।