
ਸਕੂਲੀ ਬੱਚਿਆਂ ਨੂੰ ਲੈਣ ਆਈ ਨਿੱਜੀ ਸਕੂਲ ਬੱਸ ਦੇ ਪਲਟ ਕੇ ਹੇਠ ਆਉਣ ਕਾਰਨ ਬਿਰਧ ਔਰਤ ਸ਼ਾਂਤੀ ਦੇਵੀ ਦੀ ਹੋਈ ਮੌਤ
- by Jasbeer Singh
- October 15, 2024

ਸਕੂਲੀ ਬੱਚਿਆਂ ਨੂੰ ਲੈਣ ਆਈ ਨਿੱਜੀ ਸਕੂਲ ਬੱਸ ਦੇ ਪਲਟ ਕੇ ਹੇਠ ਆਉਣ ਕਾਰਨ ਬਿਰਧ ਔਰਤ ਸ਼ਾਂਤੀ ਦੇਵੀ ਦੀ ਹੋਈ ਮੌਤ ਪਾਤੜਾਂ : ਜਿ਼ਲਾ ਪਟਿਆਲਾ ਅਧੀਨ ਅਉਂਦੇ ਸ਼ਹਿਰ ਪਾਤੜਾ ਨੂੰ ਜਾਂਦੇ ਬਣੇ ਪਾਤੜਾਂ-ਖਨੌਰੀ ਮੁੱਖ ਮਾਰਗ ’ਤੇ ਪਿੰਡ ਜੋਗੇਵਾਲਾ ਵਿਚ ਸੋਮਵਾਰ ਸਵੇਰੇ ਸਕੂਲੀ ਬੱਚਿਆਂ ਨੂੰ ਲੈਣ ਆਈ ਨਿੱਜੀ ਸਕੂਲ ਦੀ ਬੱਸ ਅਚਾਨਕ ਪਲਟ ਗਈ। ਇਸ ਦੌਰਾਨ ਬੱਸ ਹੇਠ ਆਉਣ ਕਾਰਨ ਬਿਰਧ ਔਰਤ ਸ਼ਾਂਤੀ ਦੇਵੀ ਦੀ ਦਰਦਨਾਕ ਮੌਤ ਹੋ ਗਈ।ਥਾਣਾ ਸ਼ੁਤਰਾਣਾ ਦੇ ਮੁਖੀ ਗੁਰਮੀਤ ਸਿੰਘ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਵੇਰ ਸਮੇਂ ਪਿੰਡ ਢਾਬੀ ਗੁੱਜਰਾਂ ਨਾਲ ਸਬੰਧਤ ਨਿੱਜੀ ਸਕੂਲ ਦੀ ਬੱਸ ਪਿੰਡ ਜੋਗੇਵਾਲਾ ਵਿਚ ਸਕੂਟਰ ਸਵਾਰ ਨੂੰ ਬਚਾਉਂਦਿਆਂ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਕੇ ਪਲਟ ਗਈ। ਬੱਸੇ ਦੇ ਥੱਲੇ ਆ ਕੇ ਪਿੰਡ ਜੋਗੇਵਾਲਾ ਵਾਸੀ 65 ਸਾਲਾ ਔਰਤ ਸ਼ਾਂਤੀ ਦੇਵੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਸਮੇਂ ਸਕੂਲ ਬੱਸ ਵਿਚ ਦਰਜਨ ਤੋਂ ਵੱਧ ਸਕੂਲੀ ਬੱਚਿਆਂ ਤੋਂ ਇਲਾਵਾ ਕੁਝ ਅਧਿਆਪਕ ਵੀ ਸਵਾਰ ਸਨ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਡਾਕਟਰੀ ਮਦਦ ਦੇਣ ਤੋਂ ਬਾਅਦ ਬੱਚਿਆਂ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਿੰਡ ਜੋਗੇਵਾਲਾ ਵਾਸੀ ਫ਼ਤਿਹ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਸ਼ਾਂਤੀ ਦੇਵੀ ਦੇ ਪਰਿਵਾਰ ਦਾ ਪਿੰਡ ਦੇ ਪਤਵੰਤੇ ਸੱਜਣਾਂ ਨੇ ਸਕੂਲ ਪ੍ਰਬੰਧਕਾਂ ਨਾਲ ਸਮਝੌਤਾ ਕਰਵਾ ਦਿੱਤਾ ਹੈ।