post

Jasbeer Singh

(Chief Editor)

Punjab

ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿ਼ਮਨੀ ਚੋਣ ਨਾ ਲੜਨ ਦਾ ਐਲਾਨ ਇਸ ਸ਼ਾਨਾਮੱਤੀ ਪਾਰਟੀ ਦਾ ਨਹੀਂ ਬਲਕਿ ਸੁਖਬੀਰ ਸਿੰਘ ਬਾਦਲ ਐਂਡ

post-img

ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿ਼ਮਨੀ ਚੋਣ ਨਾ ਲੜਨ ਦਾ ਐਲਾਨ ਇਸ ਸ਼ਾਨਾਮੱਤੀ ਪਾਰਟੀ ਦਾ ਨਹੀਂ ਬਲਕਿ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਦਾ ਹੈ : ਬੀਬੀ ਜਗੀਰ ਕੌਰ ਜਲੰਧਰ : ਸ਼੍ਰੋਮਣੀ ਅਕਾਲੀ ਦਲ ਵਲੋਂ ਜਿ਼ਮਨੀ ਚੋਣ ਨਾ ਲੜਨ ਦਾ ਐਲਾਨ ਇਸ ਸ਼ਾਨਾਮੱਤੀ ਪਾਰਟੀ ਦਾ ਨਹੀਂ ਬਲਕਿ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਦਾ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਾਰਟੀ ਨਹੀਂ ਬਲਕਿ ਇਕ ਕੰਪਨੀ ਬਣਾ ਦਿੱਤਾ ਹੈ, ਜਿਸ ਦਾ ਮਾਲਕ ਸੁਖਬੀਰ ਸਿੰਘ ਬਾਦਲ ਹੈ। ਇਹ ਪ੍ਰਗਟਾਵਾ ਐੱਸ. ਜੀ. ਪੀ. ਸੀ. ਪ੍ਰਧਾਨ ਦੇ ਅਹੁਦੇ ਲਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਉਮੀਦਵਾਰ ਬੀਬੀ ਜਗੀਰ ਕੌਰ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਹ ਐੱਸ. ਜੀ. ਪੀ. ਸੀ. ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਉਮੀਦਵਾਰ ਵਜੋਂ ਆਪਣਾ ਏਜੰਡਾ ਜਾਰੀ ਕਰਨ ਲਈ ਪੁੱਜੇ ਸਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ’ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪੰਜਾਬ ’ਚ ਹੋਣ ਜਾ ਰਹੀਆ ਜ਼ਿਮਨੀ ਚੋਣਾਂ ਦੌਰਾਨ ਪਾਰਟੀ ਵੱਲੋਂ ਚੋਣ ਨਾ ਲੜਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਸਾਫ਼ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਟੋਲੇ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ ਲਈ ਅਜਿਹਾ ਕੀਤਾ ਹੈ। ਅਕਾਲੀ-ਭਾਜਪਾ ਗਠਜੋੜ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਬਣਨ ਤੇ ਹੋਰ ਲਾਭ ਲੈਣ ਕਾਰਨ ਹੀ ਗਠਜੋੜ ਕੀਤਾ ਸੀ। ਭਾਜਪਾ ਨੇ ਅਕਾਲੀ ਦਲ ਨੂੰ ਸੱਤਾ ਦੇ ਮੰਚ ਤੋਂ ਪੂਰੀ ਤਰ੍ਹਾਂ ਮਨਫ਼ੀ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਹਾਲਤ ਬਾਰੇ ਪੁੱਛੇ ਜਾਣ ’ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਡੀ ਪੰਥਕ ਸਰਕਾਰ ਦੀਆ ਬੱਜਰ ਗਲਤੀਆ ਤੇ ਸਿਆਸੀ ਲਾਭਾਂ ਖਾਤਰ ਲਏ ਫੈਸਲਿਆ ਕਾਰਨ ਸਿੱਖ ਕੌਮ ਸ਼੍ਰੋਮਣੀ ਅਕਾਲੀ ਦਲ ਵਰਗੀ ਪੰਥਕ ਪਾਰਟੀ ਤੋਂ ਬੇਮੁਖ ਹੋਈ ਹੈ। ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਹਾਂ ’ਚ ਹਾਂ ਮਿਲਾਉਣ ਵਾਲੇ ਗੁਲਾਮ ਮਾਨਸਿਕਤਾ ਵਾਲੇ ਆਗੂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੋਣ ਕਰਕੇ ਪ੍ਰਧਾਨ ਦੇ ਆਦੇਸ਼ਾਂ ਦਾ ਪਾਲਣ ਕਰਦੇ ਰਹੇ ਪਰ ਜਦੋਂ ਸਾਡੀ ਜ਼ਮੀਰ ਜਾਗੀ ਤਾਂ ਅਸੀਂ ਪਾਰਟੀ ਪ੍ਰਧਾਨ ਨੂੰ ਸਿੱਖ ਕੌਮ ਤੋਂ ਖਿਮਾ ਮੰਗਦੇ ਹੋਏ ਭੁੱਲਾਂ ਬਖਸ਼ਾਉਣ ਲਈ ਜਨਤਾ ਦੀ ਕਚਹਿਰੀ ’ਚ ਜਾਣ ਲਈ ਕਿਹਾ। ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆ ਨੇ ਸਾਡੀ ਗੱਲ ਮੰਨਣ ਦੀ ਬਜਾਏ ਸਾਨੂੰ ਭਾਜਪਾ ਦੇ ਏਜੰਟ ਤਕ ਕਰਾਰ ਦਿੱਤਾ ਜਦੋਂਕਿ ਹੁਣ ਸਿੱਧ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਟੀਮ ਨੇ ਭਾਜਪਾ ਦੇ ਫਾਇਦੇ ਲਈ ਸ਼੍ਰੋਮਣੀ ਅਕਾਲੀ ਦਲ ਤੇ ਸਿੱਖਾਂ ਦੀਆ ਸੰਸਥਾਵਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਾਇਆ ਹੈ। ਐੱਸਜੀਪੀਸੀ ਪ੍ਰਧਾਨ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਏਜੰਡੇ ਬਾਰੇ ਗੱਲ ਕਰਦਿਆ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਰਵਉੱਚ ਸੰਸਥਾ ਹੈ, ਜਿਸ ਦਾ ਕੰਮ ਸਿੱਖੀ ਸਿਧਾਂਤਾਂ ਨੂੰ ਲਾਗੂ ਕਰਨਾ, ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਬਾਦਲ ਐਂਡ ਕੰਪਨੀ ਨੇ ਇਸ ਸੰਸਥਾ ਦੇ ਵੱਕਾਰ ਨੂੰ ਢਾਹ ਲਾਈ ਹੈ। ਉਨ੍ਹਾਂ ਦਾ ਮੁੱਖ ਏਜੰਡਾ ਸਿੱਖ ਜਗਤ ਦੀ ਨੁਮਾਇੰਦਾ ਤੇ ਸਿਰਮੌਰ ਸੰਸਥਾ ਐੱਸਜੀਪੀਸੀ ਦਾ ਆਜ਼ਾਦ, ਖੁਦਮੁਖਤਿਆਰ ਤੇ ਪੰਥਕ ਰੁਤਬਾ ਬਹਾਲ ਕਰਨਾ ਹੈ। ਉਹ ਵਾਅਦੇ ਕਰਦੇ ਹਨ ਕਿ ਸੇਵਾ ਮਿਲਣ ’ਤੇ ਇਹ ਏਜੰਡਾ ਪਹਿਲ ਦੇ ਆਧਾਰ ’ਤੇ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਥਕ ਏਕਤਾ ਅਤੇ ਪੰਥ ਦੇ ਸੂਝਵਾਨ ਤੇ ਬੁੱਧੀਜੀਵੀ ਲੋਕਾਂ ਨੂੰ ਜੋੜਨ ਲਈ ਪਲੇਟਫਾਰਮ ਤਿਆਰ ਕਰਨਾ ਤੇ ਹੋਰ ਸਿੱਖੀ ਮਸਲੇ ਪਹਿਲ ਦੇ ਆਧਾਰ ਹੱਲ ਕੀਤੇ ਜਾਣ। ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਤੌਰ ’ਤੇ ਕਿਹਾ ਕਿ ਉਹ ਸੇਵਾ ਮਿਲਣ ਉਪਰੰਤ ਉਨ੍ਹਾਂ ਦੇ ਕਾਰਜਕਾਲ ਵੇਲੇ ਸ਼ੁਰੂ ਕੀਤੇ ਗਏ ਯਾਤਰੀ ਨਿਵਾਸ ਜੋ ਕਿ ਬੰਦ ਹੈ, ਸ਼ੁਰੂ ਕਰਵਾਉਣਗੇ ਅਤੇ ਜਲੰਧਰ ਦੇ 66 ਫੁੱਟੀ ਰੋਡ ਵਿਖੇ 4 ਏਕੜ ਜ਼ਮੀਨ ’ਤੇ ਹਸਪਤਾਲ ਬਣਾਉਣਗੇ। ਸਿੱਖ ਵਿਰਾਸਤ ਨੂੰ ਬਚਾਉਣ ਲਈ ਸਿੱਖ ਹੈਰੀਟੇਜ ਕਮਿਸ਼ਨ ਬਣਾਇਆ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਿਆਸਤ ਧਰਮ ਮੁਤਾਬਕ ਚੱਲੇ ਨਾ ਕਿ ਧਰਮ ਸਿਆਸਤ ਅਨੁਸਾਰ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਐੱਸਜੀਪੀਸੀ ਮੈਂਬਰ ਸੁਰਿੰਦਰ ਸਿੰਘ ਭੁੱਲੇ ਰਾਠਾਂ, ਸੇਵਾਮੁਕਤ ਪੀਸੀਐੱਸ ਪੀਪੀ ਸਿੰਘ ਤੇ ਬੀਬੀ ਜਗੀਰ ਕੌਰ ਦੇ ਨਿੱਜੀ ਸਹਾਇਕ ਮਾਸਟਰ ਅਮਰੀਕ ਸਿੰਘ ਮੌਜੂਦ ਸਨ।

Related Post